ਚਾਵਾਂ ਨਾਲ ਵਿਆਹ ਕੇ ਲਿਆਂਦੀ, 14 ਦਿਨਾਂ ਬਾਅਦ ਹੀ ਭੱਜ ਨਿਕਲੀ, ਨਾਲ ਲੈ ਗਈ ਗਹਿਣੇ, ਨਕਦੀ ਤੇ ਕੀਮਤੀ ਸਾਮਾਨ

ਚਾਵਾਂ ਨਾਲ ਵਿਆਹ ਕੇ ਲਿਆਂਦੀ, 14 ਦਿਨਾਂ ਬਾਅਦ ਹੀ ਭੱਜ ਨਿਕਲੀ, ਨਾਲ ਲੈ ਗਈ ਗਹਿਣੇ, ਨਕਦੀ ਤੇ ਕੀਮਤੀ ਸਾਮਾਨ


ਵੀਓਪੀ ਬਿਊਰੋ, ਭਵਾਨੀਗੜ੍ਹ : ਚਾਵਾਂ ਨਾਲ ਵਿਆਹ ਕੇ ਲਿਆਂਦੀ ਲਾੜੀ ਵਿਆਹ ਦੇ 14 ਦਿਨ ਬਾਅਦ ਹੀ ਪਤੀ ਦੇ ਘਰੋਂ ਗਹਿਣੇ ਅਤੇ ਹੋਰ ਸਾਮਾਨ ਲੈ ਕੇ ਭੱਜ ਗਈ।ਮਾਮਲੇ ਦੀ ਸ਼ਿਕਾਇਤ ’ਤੇ ਭਵਾਨੀਗੜ੍ਹ ਪੁਲਿਸ ਨੇ ਠੱਗ ਲਾੜੀ ਸਮੇਤ ਵਿਆਹ ਕਰਵਾਉਣ ਵਾਲੀਆਂ ਦੋ ਔਰਤਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਪਤੀ ਨੂੰ ਬਾਅਦ ’ਚ ਪਤਾ ਲੱਗਾ ਕਿ ਜਿਸ ਔਰਤ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਵਿਆਹ ਦੇ ਨਾਂ ’ਤੇ ਕਈ ਵਾਰ ਲੋਕਾਂ ਨਾਲ ਠੱਗੀ ਮਾਰ ਚੁੱਕੀ ਹੈ।


ਸ਼ਿਕਾਇਤਕਰਤਾ ਸੋਨੂੰ ਸਿੰਘ ਵਾਸੀ ਪਿੰਡ ਤੁਰੀ ਨੇ ਸਥਾਨਕ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਬੱਸ ਆਪਰੇਟਰ ਕੋਲ ਸਫਾਈ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮਾਮਲਾ ਪਿਛਲੇ ਸਾਲ ਦਾ ਹੈ ਜਦੋਂ ਉਸ ਦੇ ਪਿੰਡ ਦੀ ਜਸਵੀਰ ਕੌਰ ਅਤੇ ਭਵਾਨੀਗੜ੍ਹ ਦੀ ਸਿੰਦਰ ਕੌਰ ਨੇ ਗੱਲਾਂ-ਗੱਲਾਂ ’ਚ ਉਸਦਾ ਵਿਸ਼ਵਾਸ ਜਿੱਤ ਲਿਆ ਅਤੇ ਉਸਦਾ ਇੱਕ ਸਿਮਰਨ ਕੌਰ ਨਾਂ ਦੀ ਕੁੜੀ ਨਾਲ ਇਹ ਕਹਿ ਕੇ ਵਿਆਹ ਕਰਵਾ ਦਿੱਤਾ ਕਿ ਉਹ ਕੁੜੀ ਗਰੀਬ ਅਤੇ ਅਨਾਥ ਹੈ। ਪੀੜਤ ਸੋਨੂੰ ਨੇ ਦੱਸਿਆ ਕਿ ਭਵਾਨੀਗੜ੍ਹ ਦੇ ਇੱਕ ਹੋਟਲ ’ਚ ਸ਼ਗਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸਦੇ ਬਦਲੇ ਉਸ ਕੋਲੋਂ 50 ਹਜ਼ਾਰ ਰੁਪਏ ਨਕਦ ਲੈ ਲਏ ਗਏ। 14 ਨਵੰਬਰ ਨੂੰ ਵਿਆਹ ਵਾਲੇ ਦਿਨ ਵੀ ਉਸਦੇ ਪਰਿਵਾਰ ਵੱਲੋਂ ਲਾੜੀ ਸਿਮਰਨ ਨੂੰ ਸੋਨੇ ਦੇ ਟੌਪਸ ਤੇ ਪੰਜੇਬਾਂ ਆਦਿ ਦਾ ਜੋੜਾ ਪਾਇਆ ਗਿਆ। ਪੀੜਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਦੋ ਨੌਸਰਬਾਜ ਔਰਤਾਂ ਖੁੱਦ ਨੂੰ ਲਾੜੀ ਸਿਮਰਨ ਕੌਰ ਦੀਆਂ ਭੂਆ ਦੱਸ ਕੇ ਘਰ ਆਈਆਂ ਅਤੇ 16 ਦਸੰਬਰ ਦੀ ਅੱਧੀ ਰਾਤ ਨੂੰ ਉਕਤ ਸਿਮਰਨ ਘਰ ਦੇ ਬਾਹਰ ਮੋਟਰਸਾਈਕਲ ’ਤੇ ਖੜ੍ਹੇ ਇਕ ਵਿਅਕਤੀ ਨਾਲ ਕੰਧ ਟੱਪ ਕੇ ਭੱਜ ਗਈ।


ਜਾਂਦੇ ਸਮੇਂ ਆਪਣੇ ਨਾਲ ਸਾਰੇ ਗਹਿਣੇ, ਇੱਕ ਮੋਬਾਈਲ ਫੋਨ ਅਤੇ ਘਰੇਲੂ ਸਮਾਨ ਆਦਿ ਲੈ ਗਈ। ਪੀੜਤ ਸੋਨੂੰ ਨੇ ਦੋਸ਼ ਲਾਇਆ ਕਿ ਸਿਮਰਨ ਉਸ ਤੋਂ ਵਿਆਹ ਦੇ ਨਾਂ ’ਤੇ ਕਰੀਬ ਪੌਣੇ 4 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਜਿਸ ਸਬੰਧੀ ਉਸ ਨੇ ਪੁਲਸ ਕੋਲ ਸ਼ਿਕਾਇਤ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਗਈ। ਉਧਰ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਸੋਨੂੰ ਸਿੰਘ ਦੇ ਬਿਆਨਾਂ ’ਤੇ ਪਟਿਆਲਾ ਦੀ ਰਹਿਣ ਵਾਲੀ ਸਿਮਰਨ ਕੌਰ ਸਮੇਤ ਵਿਆਹ ਕਰਵਾਉਣ ਵਾਲੀਆਂ ਦੋ ਔਰਤਾਂ ਸਿੰਦਰ ਕੌਰ ਤੇ ਜਸਵੀਰ ਕੌਰ ਦੇ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

error: Content is protected !!