ਘਰ ਦੀ ਛੱਤ ਡਿਗੀ, ਮਲਬੇ ਹੇਠ ਦੱਬੀ ਗਰਭਵਤੀ ਸਮੇਤ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ

ਘਰ ਦੀ ਛੱਤ ਡਿਗੀ, ਮਲਬੇ ਹੇਠ ਦੱਬੀ ਗਰਭਵਤੀ ਸਮੇਤ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ


ਵੀਓਪੀ ਬਿਊਰੋ, ਕੋਟਕਪੂਰਾ : ਲਗਾਤਾਰ ਪੈ ਰਿਹਾ ਮੀਂਹ ਇਕ ਪਰਿਵਾਰ ਲਈ ਮੌਤ ਦਾ ਕਾਰਨ ਬਣ ਗਿਆ। ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਕੋਟਕਪੂਰਾ ਸ਼ਹਿਰ ਦੇ ਦੇਵੀਵਾਲਾ ਰੋਡ ‘ਤੇ ਸਥਿਤ ਇਕ ਘਰ ਵਿਚ ਵਾਪਰੀ। ਮਰਨ ਵਾਲਿਆਂ ‘ਚ ਗੁਰਪ੍ਰੀਤ ਸਿੰਘ, ਉਸ ਦੀ ਗਰਭਵਤੀ ਪਤਨੀ ਕਰਮਜੀਤ ਕੌਰ ਅਤੇ ਪੁੱਤਰ ਗੈਵੀ (4) ਸ਼ਾਮਲ ਹਨ। ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਇਕ ਮੈਡੀਕਲ ਸਟੋਰ ‘ਚ ਕੰਮ ਕਰਦਾ ਸੀ।


ਐੱਸ. ਡੀ. ਐੱਮ. ਵੀਰਪਾਲ ਕੌਰ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਕੁੜੀ ਜ਼ਖਮੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਰਾਤ ਵੇਲੇ ਉਹ ਆਪਣੀ ਪਤਨੀ ਅਤੇ 4 ਸਾਲਾ ਪੁੱਤ ਨਾਲ ਘਰ ਦੇ ਕਮਰੇ ‘ਚ ਸੌਂ ਰਿਹਾ ਸੀ। ਉਨ੍ਹਾਂ ਦੇ ਨਾਲ ਹੀ ਗੁਆਂਢੀਆਂ ਦੀ 15 ਸਾਲਾਂ ਦੀ ਕੁੜੀ ਵੀ ਸੌਂ ਰਹੀ ਸੀ। ਇਸ ਦੌਰਾਨ ਅਚਾਨਕ ਸਵੇਰੇ 4 ਵਜੇ ਕਮਰੇ ਦੀ ਛੱਤ ਡਿੱਗ ਗਈ ਅਤੇ ਚੀਕੋ-ਪੁਕਾਰ ਮਚ ਗਈ। ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਮੌਕੇ ‘ਤੇ ਆ ਕੇ ਬੜੀ ਮੁਸ਼ਕਲ ਨਾਲ ਸਾਰਿਆਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਇਸ ਸਮੇਂ ਤੱਕ ਗੁਰਪ੍ਰੀਤ ਸਿੰਘ, ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਗੁਆਂਢੀਆਂ ਦੀਆਂ ਕੁੜੀ ਧੀ ਗੰਭੀਰ ਜ਼ਖਮੀ ਹੋ ਗਈ, ਜਿਸ ਦਾ ਇਲਾਜ ਚੱਲ ਰਿਹਾ ਹੈ।


ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਰਾਮ ਰੱਖਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਕਮਰੇ ਤੋਂ ਬਾਹਰ ਸੌਂ ਰਿਹਾ ਸੀ। ਜਿਵੇਂ ਹੀ ਛੱਤ ਡਿੱਗਣ ਦੀ ਆਵਾਜ਼ ਸੁਣੀ ਤਾਂ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਉਠਾਇਆ ਅਤੇ ਸਭ ਨੂੰ ਮਲਬੇ ਹੇਠੋਂ ਬਾਹਰ ਕੱਢਿਆ। ਉਸ ਨੇ ਦੱਸਿਆ ਕਿ ਲਗਾਤਾਰ ਪਏ ਭਾਰੀ ਮੀਂਹ ਕਾਰਨ ਕਮਰੇ ਦੀ ਛੱਤ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਇਹ ਦਰਦਨਾਕ ਘਟਨਾ ਵਾਪਰੀ।

error: Content is protected !!