ਬੁਲੇਟ ਮੋਟਰਸਾਈਕਲ ਦਾ ਸਾਈਲੈਂਸਰ ਬਦਲਕੇ ਪਟਾਖੇ ਵਜਾਉਣ ਵਾਲਿਆਂ ‘ਤੇ ਨਕੇਲ ਪਾਉਣ ਲਈ ਪੁਲਿਸ ਕਰੇ ਸਖਤ ਕਾਰਵਾਈ : ਬੇਗਮਪੁਰਾ ਟਾਇਗਰ ਫੋਰਸ
ਪ੍ਰੈਸ਼ਰ ਹਾਰਨਾਂ ਦਾ ਮੁੱਦਾ ਪਹਿਲਾਂ ਵੀ ਕਈ ਵਾਰ ਚੁੱਕਿਆ ਗਿਆ ਹੈ : ਠਰੋਲੀ /ਨੇਕੂ /ਹੈਪੀ
ਹੁਸ਼ਿਆਰਪੁਰ (ਸਰੋਆ) ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਦੋਆਬਾ ਪ੍ਰਧਾਨ ਨੇਕੂ ਅਜਨੋਹਾ ਅਤੇ ਹੈਪੀ ਫਤਿਹਗੜ੍ਹ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਵਾਹਨਾਂ ਵਿੱਚ ਪ੍ਰੈਸ਼ਰ ਹਾਰਨ ਲਗਾਉਣ ਵਾਲਿਆਂ ਅਤੇ ਬੁਲੇਟ ਮੋਟਰਸਾਈਕਲ ਦਾ ਸਾਈਲੈਂਸਰ ਬਦਲਕੇ ਪਟਾਖੇ ਵਜਾਉਣ ਅਤੇ ਉੱਚੀ ਅਵਾਜ਼ ਕਰਨ ਵਾਲਿਆਂ ‘ਤੇ ਨਕੇਲ ਪਾਉਣ ਲਈ ਸਖਤ ਕਾਰਵਾਈ ਕੀਤੀ ਜਾਵੇ। ਉਹਨਾ ਕਿਹਾ ਕਿ ਪ੍ਰੈਸ਼ਰ ਹਾਰਨਾਂ ਦਾ ਮੁੱਦਾ ਪਹਿਲਾਂ ਵੀ ਕਈ ਵਾਰ ਚੁੱਕਿਆ ਗਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਪੁਲਿਸ ਵਲੋਂ ਇਕ ਅੱਧਾ ਦਿਨ ਕਾਰਵਾਈ ਕਰਕੇ ਇਸ ਦਾ ਭੋਗ ਪਾ ਦਿੱਤਾ ਜਾਂਦਾ ਹੈ।
ਇਹ ਇਸ ਤਰ੍ਹਾਂ ਦੀ ਭਿਆਨਕ ਸਮੱਸਿਆ ਹੈ ਜਿਸ ਉਪਰ ਵੱਡੇ ਤੌਰ ਤੇ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਉਨਾਂ ਨੇ ਕਿਹਾ ਕਿ ਆਏ ਦਿਨ ਲੋਕਾਂ ਨੂੰ ਖਾਸ ਕਰਕੇ ਉਚੀ ਆਵਾਜ਼ ਦੇ ਸ਼ੌਕੀਨਾਂ ਨੂੰ ਅਲੱਗ-ਅਲੱਗ ਪ੍ਰੋਗਰਾਮਾਂ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ, ਪਰ ਇਨ੍ਹਾਂ ਦੇ ਕੰਨ ਉਪਰ ਜੂੰ ਤੱਕ ਨਹੀਂ ਸਰਕਦੀ। ਇਸ ਲਈ ਇਨ੍ਹਾਂ ਨਾਲ ਸਖਤੀ ਨਾਲ ਨਿੱਪਟਣ ਦੇ ਲਈ ਜ਼ਿਲ੍ਹਾ ਪੁਲਿਸ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਬਜ਼ੁਰਗ ਅਤੇ ਬਿਮਾਰ ਲੋਕਾਂ ਦੇ ਨਜ਼ਦੀਕ ਆ ਕੇ ਜਦੋਂ ਕੋਈ ਪ੍ਰੈਸ਼ਰ ਹਾਰਨ ਵਜਾਉਂਦਾ ਹੈ ਤਾਂ ਉਹ ਇਕ ਦਮ ਨਾਲ ਘਬਰਾ ਜਾਂਦੇ ਹਨ ਜਿਸ ਨਾਲ ਉਨਾਂ ਦੇ ਦੁਰਘਟਨਾ ਗ੍ਰਸਤ ਹੋਣ ਦਾ ਖਤਰਾ ਰਹਿੰਦਾ ਹੈ। ਐਨਾ ਹੀ ਨਹੀਂ ਕਈ ਲੋਕ ਉਚੀ ਅਵਾਜ਼ ਦੇ ਕਾਰਨ ਜ਼ਖਮੀ ਵੀ ਹੋ ਚੁੱਕੇ ਹਨ।
ਇਸ ਦੇ ਨਾਲ ਹੀ ਬੁਲੇਟ ਮੋਟਰਸਾਈਕਲ ਦਾ ਸਾਈਲੈਂਸਰ ਬਦਲਣ ਵਾਲੇ ਵੀ ਹੋਰ ਲੋਕਾਂ ਦੇ ਲਈ ਸਿਰ ਦਰਦੀ ਤੋਂ ਘੱਟ ਨਹੀਂ ਹਨ ਅਤੇ ਇਹ ਸਮਾਜ ਦੇ ਅਸਮਾਜਿਕ ਅਨਸਰਾਂ ਦੀ ਤਰ੍ਹਾਂ ਹੀ ਹਨ ਜਿਨ੍ਹਾਂ ਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ। ਉਹਨਾ ਐਸ.ਐਸ.ਪੀ. ਨੂੰ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਨਿੱਜੀ ਤੌਰ ਤੇ ਧਿਆਨ ਦੇਣ ਅਤੇ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦੇਣ ਕਿ ਪ੍ਰੈਸ਼ਰ ਹਾਰਨ ਅਤੇ ਸਾਈਲੈਂਸਰ ਬਦਲਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਜਿਹੜੇ ਦੁਕਾਨਦਾਰ ਪ੍ਰੈਸ਼ਰ ਹਾਰਨ ਵੇਚਦੇ ਹਨ ਜਾਂ ਸਾਈਲੈਂਸਰ ਬਦਲਦੇ ਹਨ ਉਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੀ ਜਨਤਾ ਨੂੰ ਪਰੇਸ਼ਾਨ ਕਰਨ ਵਾਲੇ ਕੰਮ ਵਿੱਚ ਸਹਿਯੋਗੀ ਨਾ ਬਣ ਸਕੇ।