ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਨਵਾਂ ਖੁਲਾਸਾ, ਪਾਕਿਸਤਾਨੀ ਨੇ ਗੈਂਗਸਟਰਾਂ ਨੂੰ ਮੁਹੱਈਆ ਕਰਵਾਏ ਸੀ ਹਥਿਆਰ

ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਨਵਾਂ ਖੁਲਾਸਾ, ਪਾਕਿਸਤਾਨੀ ਨੇ ਗੈਂਗਸਟਰਾਂ ਨੂੰ ਮੁਹੱਈਆ ਕਰਵਾਏ ਸੀ ਹਥਿਆਰ


ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਮੁਤਾਬਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੇ ਗਏ ਹਥਿਆਰ ਇਕ ਪਾਕਿਸਤਾਨੀ ਨੌਜਵਾਨ ਵੱਲੋਂ ਸਪਲਾਈ ਕੀਤੇ ਗਏ ਸਨ, ਜੋ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ। ਨੌਜਵਾਨ ਦੀ ਪਛਾਣ ਹਾਮਿਦ ਵਜੋਂ ਹੋਈ ਹੈ। ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਉਤੇ ਇਹ ਜਾਣਕਾਰੀ ਦਿੱਤੀ।


ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਮਿਦ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੁਬਈ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਯਮਤ ਹਥਿਆਰ ਸਪਲਾਇਰ ਸ਼ਾਹਬਾਜ਼ ਅੰਸਾਰੀ ਨੂੰ ਵੀ ਮਿਲਿਆ ਸੀ। ਹਾਮਿਦ ਨੇ ਉਸ ਨੂੰ ਕੈਨੇਡਾ ਵਿੱਚ ਬਿਸ਼ਨੋਈ ਦੇ ਕਰੀਬੀ ਸਾਥੀ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨਾਲ ਆਪਣੇ ਕਰੀਬੀ ਸਬੰਧਾਂ ਬਾਰੇ ਦੱਸਿਆ।
ਐਨਆਈਏ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਗਿਆ ਸੀ ਅਤੇ ਇਸ ਦੌਰਾਨ ਉਹ ਦੁਬਈ ਵਿੱਚ ਹਵਾਲਾ ਆਪਰੇਟਰ ਵਜੋਂ ਕੰਮ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿੱਚ ਆਇਆ ਸੀ। ਇਹ ਫੈਜ਼ੀ ਖਾਨ ਹੀ ਸੀ ਜਿਸ ਨੇ ਅੰਸਾਰੀ ਨੂੰ ਹਾਮਿਦ ਨਾਲ ਮਿਲਾਇਆ ਸੀ। ਅਜਿਹੀ ਹੀ ਇੱਕ ਮੀਟਿੰਗ ਦੌਰਾਨ, ਅੰਸਾਰੀ ਅਤੇ ਹਾਮਿਦ ਨੇ ਹਥਿਆਰਾਂ ਦੀ ਤਸਕਰੀ ਅਤੇ ਕਾਰੋਬਾਰ ਅਤੇ ਭਾਰਤ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖੇਪ ਦੀ ਸਪਲਾਈ ਬਾਰੇ ਚਰਚਾ ਕੀਤੀ।


ਹਿੰਦੁਸਤਾਨ ਟਾਈਮਜ਼ ਨੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਮੁਲਾਕਾਤ ਦੌਰਾਨ ਹਾਮਿਦ ਨੇ ਅੰਸਾਰੀ ਨੂੰ ਇਹ ਵੀ ਦੱਸਿਆ ਕਿ ਅਸੀਂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਸਾਲਟ ਰਾਈਫਲਾਂ ਅਤੇ ਹੋਰ ਹਥਿਆਰ ਸਪਲਾਈ ਕਰਨ ਜਾ ਰਹੇ ਹਾਂ। ਹਾਮਿਦ ਨੇ ਦੱਸਿਆ ਕਿ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਹੈ ਅਤੇ ਉਸ ਨੂੰ ਕਈ ਵਾਰ ਹਥਿਆਰ ਮੁਹੱਈਆ ਕਰਵਾਏ ਹਨ।
ਦੱਸ ਦੇਈਏ ਕਿ ਪਿਛਲੇ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਛੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

error: Content is protected !!