ਨੌਕਰਾਣੀ ਨੇ ਦਰਵਾਜਾ ਖੋਲ੍ਹਿਆ ਤਾਂ ਘਰ ਅੰਦਰਲਾ ਹਾਲ ਵੇਖ ਅੱਖਾਂ ਰਹਿ ਗਈਆਂ ਅੱਡੀਆਂ, ਇਕੱਲੇ ਰਹਿੰਦੇ ਬਜ਼ੁਰਗ ਦੀ ਪਈ ਸੀ ਖੂਨ ਨਾਲ ਲਥਪਥ ਲਾਸ਼, ਨਕਦੀ ਤੇ ਗਹਿਣੇ ਗਾਇਬ

ਨੌਕਰਾਣੀ ਨੇ ਦਰਵਾਜਾ ਖੋਲ੍ਹਿਆ ਤਾਂ ਘਰ ਅੰਦਰਲਾ ਹਾਲ ਵੇਖ ਅੱਖਾਂ ਰਹਿ ਗਈਆਂ ਅੱਡੀਆਂ, ਇਕੱਲੇ ਰਹਿੰਦੇ ਬਜ਼ੁਰਗ ਦੀ ਪਈ ਸੀ ਖੂਨ ਨਾਲ ਲਥਪਥ ਲਾਸ਼, ਨਕਦੀ ਤੇ ਗਹਿਣੇ ਗਾਇਬ


ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਵੱਡੀ ਵਾਰਦਾਤ ਵਾਪਰੀ ਹੈ। ਘਰ ਵਿਚ ਇਕੱਲੇ ਰਹਿੰਦੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਲੁਟੇਰਿਆਂ ਨੇ ਦਿੱਤਾ ਹੈ ਜੋ ਘਰ ਵਿਚੋਂ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਥਾਣਾ ਸਦਰ ਦੇ ਇਲਾਕੇ ਮੁਸਤਫਾਬਾਦ ਇੰਦਰਾ ਕਾਲੋਨੀ ਵਿਚ ਸੋਮਵਾਰ ਨੂੰ ਵਾਪਰੀ। ਮ੍ਰਿਤਕ ਦੀ ਪਛਾਣ ਗੁਲਸ਼ਨ ਸਿੰਘ ਸੋਢੀ (55) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆ ਏਸੀਪੀ ਉੱਤਰੀ ਵਰਿੰਦਰ ਸਿੰਘ ਖੋਸਾ ਨੇ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਬਜ਼ੁਰਗ ਗੁਲਸ਼ਨ ਸਿੰਘ ਸੋਢੀ ਦੀਆਂ ਕੁੜੀਆਂ ਵਿਆਹੀਆਂ ਹੋਈਆਂ ਹਨ ਅਤੇ ਉਹ ਘਰ ਵਿਚ ਇਕੱਲਾ ਰਹਿੰਦਾ ਸੀ। ਗੁਲਸ਼ਨ ਸਿੰਘ ਸੋਢੀ ਬਾਊਂਸਰ ਦੀਆਂ ਟੀਮਾਂ ਸਪਲਾਈ ਕਰਨ ਦਾ ਕੰਮ ਕਰਦਾ ਸੀ। ਗੁਲਸ਼ਨ ਸਿੰਘ ਸੋਢੀ ਕੈਂਸਰ ਤੋਂ ਪੀੜਤ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਗੁਲਸ਼ਨ ਨੂੰ ਲੱਗਣ ਵਾਲੇ ਟੀਕੇ ਦੀ ਕੀਮਤ ਕਰੀਬ 7 ਤੋਂ 8 ਲੱਖ ਰੁਪਏ ਹੁੰਦੀ ਸੀ, ਜਿਸ ਦੇ ਪੈਸੇ ਘਰ ਵਿਚ ਪਏ ਹੋਏ ਸਨ। ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰਨ ਤੋਂ ਬਾਅਦ ਘਰ ਵਿੱਚ ਪਈ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।


ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਕੈਮਰੇ ਦੀ ਫੁਟੇਜ ਵਿਚ ਪਤਾ ਲੱਗਾ ਹੈ ਕਿ ਚਾਰ ਅਣਪਛਾਤੇ ਲੁਟੇਰੇ ਗੁਲਸ਼ਨ ਸਿੰਘ ਸੋਢੀ ਦੇ ਘਰ ਵਿਚ ਦਾਖ਼ਲ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ ਸਨ। ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਗੁਲਸ਼ਨ ਸਿੰਘ ਸੋਢੀ ਦੀ ਲਾਸ਼ ਖ਼ੂਨ ਨਾਲ ਲੱਥਪੱਥ ਪਈ ਸੀ। ਘਰ ਦੀ ਨੌਕਰਾਣੀ ਨੇ ਘਟਨਾ ਦੀ ਜਾਣਕਾਰੀ ਦਿੱਤੀ। ਸਵੇਰੇ ਜਦੋਂ ਉਹ ਕੰਮ ’ਤੇ ਆਈ ਤਾਂ ਦਰਵਾਜ਼ਾ ਬੰਦ ਸੀ, ਖੜਕਾਉਣ ’ਤੇ ਵੀ ਜਦੋਂ ਉਹ ਨਾ ਖੁੱਲ੍ਹਿਆ ਤਾਂ ਉਸ ਨੇ ਆਪਣੀ ਚਾਬੀ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਚਾਬੀ ਅੰਦਰੋਂ ਲੱਗੀ ਹੋਈ ਸੀ। ਉਸ ਨੇ ਕਿਸੇ ਤਰ੍ਹਾਂ ਚਾਬੀ ਅੰਦਰੋਂ ਘੁਮਾਈ ਅਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਗੁਲਸ਼ਨ ਸਿੰਘ ਸੋਢੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਪਈ ਵੇਖੀ।

error: Content is protected !!