ਘਰ ਦੀ ਘੰਟੀ ਵੱਜੀ, ਦਰਵਾਜਾ ਖੋਲ੍ਹਿਆ ਤਾਂ ਦੋ ਨੌਜਵਾਨਾਂ ਨੇ ਕੀਤੇ ਸਿੱਧੇ 6-7 ਫਾਇਰ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੀਤੀ ਹੱਤਿਆ, ਇਕ ਜ਼ਖਮੀ
ਵੀਓਪੀ ਬਿਊਰੋ, ਖਰੜ : ਇੱਥੋਂ ਦੇ ਪਿੰਡ ਭਾਗੋਮਾਜਰਾ ਦੀ ਸਰਪੰਚ ਕਾਲੋਨੀ ਵਿਚ ਬੀਤੀ ਰਾਤ ਗੋਲ਼ੀ ਚੱਲ ਗਈ। ਚੰਡੀਗੜ੍ਹ ਯੂਨੀਵਰਿਸਟੀ ਦੇ ਇਕ ਵਿਦਿਆਰਥੀ ਦੀ ਮੌਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਖਰੜ ਸਿਟੀ ਪੁਲਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਦੇ ਪਰਨੀਤ ਨਾਂ ਦੇ ਨੌਜਵਾਨ, ਜੋ ਇਸ ਗੋਲ਼ੀਬਾਰੀ ਵਿਚ ਜ਼ਖਮੀ ਹੋ ਗਿਆ ਸੀ, ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਪਰਨੀਤ ਕੁਮਾਰ ਵਾਸੀ ਜ਼ਿਲ੍ਹਾ ਸੋਲਨ ਨੇ ਦੱਸਿਆ ਕਿ ਉਹ ਸਰਪੰਚ ਕਾਲੋਨੀ ਨੇੜੇ ਪੀਜੀ ਵਿਚ ਰਹਿੰਦਾ ਹੈ, ਬੀਤੀ ਰਾਤ ਉਹ 11 ਵਜੇ ਦੇ ਕਰੀਬ ਆਪਣੇ ਦੋਸਤਾਂ ਨੂੰ ਮਿਲਣ ਲਈ ਸਰਪੰਚ ਕਾਲੋਨੀ ਵਿਚ ਗਿਆ ਸੀ। ਇਸ ਦੌਰਾਨ ਉਸ ਦੇ ਦੋਵੇਂ ਦੋਸਤ ਰੋਟੀ ਲੈਣ ਲਈ ਚਲੇ ਗਏ ਅਤੇ ਉਹ ਤੇ ਅਨੁਜ ਡਰਾਇੰਗ ਰੂਮ ਵਿਚ ਬੈਠੇ ਸੀ। ਇਸੇ ਦੌਰਾਨ 11:10 ’ਤੇ ਅਚਾਨਕ ਘਰ ਦੀ ਘੰਟੀ ਵੱਜੀ ਅਤੇ ਜਦੋਂ ਦਰਵਾਜ਼ੇ ਦੀ ਕੁੰਡੀ ਖੋਲ੍ਹੀ ਤਾਂ 2 ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਲਪੇਟੇ ਹੋਏ ਸਨ, ਉਥੇ ਆਏ । ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਅਨੁਜ ਵੱਲ 6-7 ਸਿੱਧੇ ਫਾਇਰ ਕੀਤੇ ਅਤੇ ਇਕ ਫਾਇਰ ਸ਼ਿਕਾਇਤਕਰਤਾ ਪਰਨੀਤ ਦੇ ਲੱਗਿਆ। ਉਹ ਦੋਵੇਂ ਜ਼ਖਮੀ ਹੋ ਗਏ। ਇਸੇ ਦੌਰਾਨ ਉਹ ਦੋਵੇਂ ਨਕਾਬਪੋਸ਼ ਉਥੋਂ ਫਰਾਰ ਹੋ ਗਏ।
ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਅਨੁਜ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸ਼ਿਕਾਇਤਕਰਤਾ ਪਰਨੀਤ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ, ਜਿਥੇ ਉਹ ਜ਼ੇਰੇ ਇਲਾਜ ਹੈ। ਇਸ ਦੌਰਾਨ ਮ੍ਰਿਤਕ ਦੇ ਪਿਤਾ ਰਾਜੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਬੇਟਾ ਚੰਡੀਗੜ੍ਹ ਯੂਨੀਵਰਿਸਟੀ ਵਿਖੇ ਬੀ-ਟੈੱਕ ਦੇ ਆਖਰੀ ਸਾਲ ਦਾ ਵਿਦਿਆਰਥੀ ਸੀ। ਖਰੜ ਸਿਟੀ ਥਾਣੇ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।