ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਦਿੰਦੇ ਸੀ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ, ਅਗਵਾ ਕਰ ਕੇ ਮੰਗਦੇ ਸੀ ਫਿਰੌਤੀਆਂ, ਪੰਜ ਜਣੇ ਗ੍ਰਿਫ਼ਤਾਰ

ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਦਿੰਦੇ ਸੀ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ, ਅਗਵਾ ਕਰ ਕੇ ਮੰਗਦੇ ਸੀ ਫਿਰੌਤੀਆਂ, ਪੰਜ ਜਣੇ ਗ੍ਰਿਫ਼ਤਾਰ


ਵੀਓਪੀ ਬਿਊਰੋ, ਖਰੜ-ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਕੋਲੋਂ ਜਬਰੀ ਵਸੂਲੀ ਕਰਨ ਤੇ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਐੱਸ. ਪੀ. ਰੂਰਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਜਗਜੀਤ ਸਿੰਘ ਦੀ ਅਗਵਾਈ ਹੇਠ ਏਐਸਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ- ਬ- ਨਾਕਾਬੰਦੀ 200 ਫੁੱਟ ਏਅਰਪੋਰਟ ਰੋਡ ’ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਯਾਦਵਿੰਦਰ ਸਿੰਘ ਬਡਾਲੀ ਆਲਾ ਸਿੰਘ ਫ਼ਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਸਿੱਧਵਾਂ ਬੇਟ ਲੁਧਿਆਣਾ, ਤਰਨਜੀਤ ਸਿੰਘ ਮੋਹਾਲੀ ਸਣੇ ਕਿਸੇ ਸਖਸ਼ ਨੂੰ ਅਗਵਾ ਕਰਨ ਲਈ ਆ ਰਹੇ ਹਨ।


ਸੂਚਨਾ ਮਿਲਣ ਤੋਂ ਬਾਅਦ ਨਿਰਧਾਰਿਤ ਏਰੀਆ ’ਚ ਵੱਖ-ਵੱਖ ਥਾਈਂ ਨਾਕਾਬੰਦੀ ਕਰ ਸ਼ੱਕੀ ਹਾਲਾਤ ਦੇ ਵਿਚ ਘੁੰਮ ਰਹੇ ਮੁਲਜ਼ਮਾਂ ’ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਇਸ ਦੌਰਾਨ ਇਕ ਥਾਰ ਗੱਡੀ ‘ਚ ਸਵਾਰ ਤਿੰਨ ਵਿਅਕਤੀਆਂ ਨੂੰ ਰੋਕ ਜਦੋਂ ਸਾਰੀ ਛਾਣਬੀਣ ਕੀਤੀ ਤਾਂ ਉਕਤ ਤਿੰਨੋਂ ਉਹੀ ਵਿਅਕਤੀ ਨਿਕਲੇ ਜਿਨ੍ਹਾਂ ਬਾਰੇ ਇਤਲਾਹ ਹਾਸਲ ਹੋਈ ਸੀ।


ਦੌਰਾਨ ਏ ਤਫਤੀਸ਼ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਹ ਪੂਰੀ ਯੋਜਨਾ ਤਹਿਤ ਆਪਣਾ ਸ਼ਿਕਾਰ ਤੈਅ ਕਰਦੇ ਸਨ। ਇਸ ਤੋਂ ਬਾਦ ਉਹ ਆਪਣੇ ਆਪ ਨੂੰ ਕ੍ਰਾਈਮ ਬਰਾਂਚ, ਐਸਟੀਐਫ ਆਦਿ ਵਿੰਗ ਦੇ ਮੁਲਾਜ਼ਮ ਦੱਸਕੇ ਲੋਕਾਂ ਪਾਸੋਂ ਜ਼ਬਰੀ ਵਸੂਲੀ ਕਰਦੇ ਸਨ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਬਹਾਨੇ ਅਗਵਾ ਤੱਕ ਕਰ ਲੈਂਦੇ ਸਨ। ਇਸ ਤਰ੍ਹਾਂ ਉਹ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਧੰਦੇ ਨੂੰ ਅੰਜਾਮ ਦਿੰਦੇ ਆ ਰਹੇ ਸਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਪੰਜਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!