ਦੋ ਔਰਤਾਂ ਨੂੰ ਬਿਨਾਂ ਕੱਪੜਿਆਂ ਦੇ ਇਲਾਕੇ ਵਿਚ ਘੁਮਾਇਆ, ਵੀਡੀਓ ਵਾਇਰਲ ਹੋਣ ਉਤੇ ਪਰਚਾ ਦਰਜ

ਦੋ ਔਰਤਾਂ ਨੂੰ ਬਿਨਾਂ ਕੱਪੜਿਆਂ ਦੇ ਇਲਾਕੇ ਵਿਚ ਘੁਮਾਇਆ, ਵੀਡੀਓ ਵਾਇਰਲ ਹੋਣ ਉਤੇ ਪਰਚਾ ਦਰਜ


ਵੀਓਪੀ ਬਿਊਰੋ, ਮਣੀਪੁਰ : ਮਣੀਪੁਰ ਵਿਚ ਦੋ ਔਰਤਾਂ ਨੂੰ ਬਗੈਰ ਕੱਪੜਿਆਂ ਤੋਂ ਭੀੜ ਨੇ ਇਲਾਕੇ ਵਿਚ ਘੁਮਾਇਆ। ਇਹ ਦੋਸ਼ ਲਾਏ ਜਾ ਰਹੇ ਹਨ ਕਿ ਇਨ੍ਹਾਂ ਦੋਵਾਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਵੀ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ #ManipurViolence ਨਾਲ ਪੋਸਟ ਕੀਤੇ ਜਾ ਰਹੇ ਹਨ।
ਸਵਦੇਸ਼ੀ ਕਬਾਇਲੀ ਲੀਡਰਜ਼ ਫੋਰਮ (ਆਈ.ਟੀ.ਐੱਲ.ਐੱਫ.) ਨੇ ਦੋਸ਼ ਲਾਇਆ ਹੈ ਕਿ ਇਕ ਖੇਤ ਵਿਚ ਇਨ੍ਹਾਂ ਦੋਵਾਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜਥੇਬੰਦੀ ਨੇ ਮਹਿਲਾ ਕਮਿਸ਼ਨ ਅਤੇ ਐਸਟੀ ਕਮਿਸ਼ਨ ਤੋਂ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਫੋਰਮ ਦਾ ਦਾਅਵਾ ਹੈ ਕਿ ਦੋਵੇਂ ਔਰਤਾਂ ਕੂਕੀ ਕਬੀਲੇ ਦੀਆਂ ਹਨ।


ITLF ਨੇ ਕਿਹਾ ਕਿ ਵੀਡੀਓ ‘ਚ ਭੀੜ ਬੇਸਹਾਰਾ ਔਰਤਾਂ ਨਾਲ ਛੇੜਛਾੜ ਕਰਦੀ ਨਜ਼ਰ ਆ ਰਹੀ ਹੈ। ਔਰਤਾਂ ਰੋ ਰਹੀਆਂ ਹਨ ਅਤੇ ਅਗਵਾਕਾਰਾਂ ਨੂੰ ਬੇਨਤੀਆਂ ਕਰ ਰਹੀਆਂ ਹਨ। ਇਹ ਘਟਨਾ 4 ਮਈ ਨੂੰ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕੰਗਪੋਕਪੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਇਹ ਵੀਡੀਓ ਉਦੋਂ ਸਾਹਮਣੇ ਨਹੀਂ ਆ ਸਕੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਮਣੀਪੁਰ ਪੁਲਿਸ ਨੇ ਦਸਿਆ ਕਿ ਵਾਇਰਲ ਵੀਡੀਓ ਵਿਚ ਭੀੜ ਵਿਚ ਦੋ ਔਰਤਾਂ ਬਗੈਰ ਕੱਪੜਿਆਂ ਦੇ ਨਜ਼ਰ ਆ ਰਹੀਆਂ ਹਨ। ਨੰਗਪੋਕ ਸਕਮਾਈ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।


ਕਾਂਗਰਸ ਨੇਤਾਵਾਂ ਪ੍ਰਿਅੰਕਾ ਗਾਂਧੀ ਅਤੇ ਅਲਕਾ ਲਾਂਬਾ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਹੋ ਰਹੇ ਮਾਨਸੂਨ ਇਜਲਾਸ ਦੌਰਾਨ ਮਣੀਪੁਰ ਵਿਚ ਔਰਤਾਂ ਨਾਲ ਹੋ ਰਹੇ ਇਸ ਅਤਿਆਚਾਰ ਬਾਰੇ ਗੱਲ ਕੀਤੀ ਜਾਵੇ ਅਤੇ ਸਦਨ ਵਿਚ ਇਹ ਮਾਮਲਾ ਚੁੱਕਿਆ ਜਾਵੇ।

error: Content is protected !!