ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਦਿੱਤੀ ਦੁਕਾਨਦਾਰ ਦੇ ਕਤਲ ਦੀ ਸੁਪਾਰੀ, ਮੋਢੇ ਤੇ ਲੱਤ ਵਿਚ ਮਾਰੀ ਗੋਲੀ, ਦੋ ਗ੍ਰਿਫ਼ਤਾਰ

ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਦਿੱਤੀ ਦੁਕਾਨਦਾਰ ਦੇ ਕਤਲ ਦੀ ਸੁਪਾਰੀ, ਮੋਢੇ ਤੇ ਲੱਤ ਵਿਚ ਮਾਰੀ ਗੋਲੀ, ਦੋ ਗ੍ਰਿਫ਼ਤਾਰ


ਵੀਓਪੀ ਬਿਊਰੋ, ਅੰਮ੍ਰਿਤਸਰ-ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਤਹਿਤ ਇਕ ਵਿਅਕਤੀ ਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਿਸ਼ ਰਚਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਸ਼ਨਾਖਤ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਤੇ ਜਗਮੋਹਨ ਸਿੰਘ ਜੱਗੂ ਵਜੋਂ ਹੋਈ ਹੈ। ਇਹ ਦੋਵੇਂ ਬਟਾਲਾ ਰੋਡ ਇਲਾਕੇ ਦੇ ਵਾਸੀ ਹਨ।
ਇਸ ਮਾਮਲੇ ਵਿੱਚ ਰਿਸ਼ੀ ਸੇਠ ਨਾਂ ਦਾ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸੀ। ਪੁਲਿਸ ਨੇ ਜ਼ਖਮੀ ਹੋਏ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਵਿਚ ਕੇਸ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਵਿਜੇ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਐਸਪੀ ਕੁਲਚਾ ਲੈਂਡ ਨਾਂ ਦੀ ਦੁਕਾਨ ਕਰਦਾ ਹੈ। 3 ਜੁਲਾਈ ਵਾਲੇ ਦਿਨ ਲਗਪਗ ਚਾਰ ਵਜੇ ਜਦੋਂ ਆਪਣੇ ਦੁਕਾਨ ’ਤੇ ਖੜ੍ਹਾ ਸੀ ਤਾਂ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਉਨ੍ਹਾਂ ਨੇ ਕੋਈ ਐਡਰੈੱਸ ਪੁੱਛਿਆ ਤੇ ਤੁਰੰਤ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਨਚੇਤ ਵਾਪਰੀ ਘਟਨਾ ਸਮੇਂ ਉਸ ਨੇ ਬਚਾਅ ਦਾ ਯਤਨ ਕੀਤਾ ਪਰ ਇੱਕ ਗੋਲੀ ਉਸ ਦੇ ਮੋਢੇ ਵਿੱਚ ਲੱਗੀ ਤੇ ਦੂਸਰੀ ਲੱਤ ਵਿੱਚ।


ਹਮਲਾਵਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਪੁਲਿਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਤੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਸਾਜ਼ਿਸ਼ ਘਾੜੇ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਰਿਸ਼ੀ ਸੇਠ ਨਾਲ ਨਾਜਾਇਜ਼ ਸਬੰਧ ਹਨ। ਇਸੇ ਰੰਜਿਸ਼ ਤਹਿਤ ਉਸ ਨੇ ਰਿਸ਼ੀ ਸੇਠ ਨੂੰ ਮਰਵਾਉਣ ਵਾਸਤੇ ਗੋਲਡੀ ਤੇ ਮਨੀਸ਼ ਤੇ ਉਨ੍ਹਾਂ ਦੇ ਸਾਥੀਆਂ ਨੂੰ ਸੁਪਾਰੀ ਦਿੱਤੀ ਸੀ। ਫਿਲਹਾਲ ਇਨ੍ਹਾਂ ਦੇ ਤਿੰਨ ਸਾਥੀ ਫਰਾਰ ਹਨ, ਜਿਨ੍ਹਾਂ ਵਿੱਚੋਂ ਦੋ ਦੀ ਸ਼ਨਾਖਤ ਪੁਲਿਸ ਵੱਲੋਂ ਕਰ ਲਈ ਗਈ ਹੈ। ਜਲਦ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!