ਰੋਡਵੇਜ਼ ਬੱਸ ਦੇ ਕੰਡਕਟਰ ਕੋਲੋਂ ਮਾਮੂਲੀ ਅਫੀਮ ਫੜ ਕੇ ਵੱਡੇ ਮਾਮਲੇ ਵਿਚ ਫਸਾਉਣ ਦੀਆਂ ਦੇਣ ਲੱਗੇ ਧਮਕੀਆਂ; ਇਕ ਲੱਖ ਰੁਪਏ ਰਿਸ਼ਵਤ ਲੈਂਦੇ ਸੀਨੀਅਰ ਕਾਂਸਟੇਬਲ ਸਮੇਤ 3 ਜਣੇ ਗ੍ਰਿਫ਼ਤਾਰ

ਰੋਡਵੇਜ਼ ਬੱਸ ਦੇ ਕੰਡਕਟਰ ਕੋਲੋਂ ਮਾਮੂਲੀ ਅਫੀਮ ਫੜ ਕੇ ਵੱਡੇ ਮਾਮਲੇ ਵਿਚ ਫਸਾਉਣ ਦੀਆਂ ਦੇਣ ਲੱਗੇ ਧਮਕੀਆਂ; ਇਕ ਲੱਖ ਰੁਪਏ ਰਿਸ਼ਵਤ ਲੈਂਦੇ ਸੀਨੀਅਰ ਕਾਂਸਟੇਬਲ ਸਮੇਤ 3 ਜਣੇ ਗ੍ਰਿਫ਼ਤਾਰ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਰੋਡਵੇਜ਼ ਬੱਸ ਦੇ ਕੰਡਕਟਰ ਕੋਲੋਂ ਮਾਮੂਲੀ ਅਫੀਮ ਫੜ ਕੇ ਉਸ ਨੂੰ ਵੱਡੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ, ਹੋਮ ਗਾਰਡ ਜੁਝਾਰ ਅਤੇ ਇੱਕ ਪ੍ਰਾਈਵੇਟ ਵਿਅਕਤੀ ਰੋਹਿਤ ਹਾਂਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਰੋਡਵੇਜ਼ ਡਿੱਪੂ ਹੁਸ਼ਿਆਰਪੁਰ ‘ਚ ਤਾਇਨਾਤ ਕੰਡਕਟਰ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।


ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਕੰਡਕਟਰ ਨੇ ਵਿਜੀਲੈਂਸ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਕਬਜ਼ੇ ਵਿਚੋਂ ਮਾਮੂਲੀ ਮਾਤਰਾ ‘ਚ ਅਫੀਮ ਬਰਾਮਦ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ 2.5 ਲੱਖ ਰੁਪਏ ਰਿਸ਼ਵਤ ਨਹੀਂ ਦੇਵੇਗਾ ਤਾਂ ਉਹ ਉਸ ਨੂੰ ਨਸ਼ਾ ਬਰਾਮਦਗੀ ਦੇ ਵੱਡੇ ਕੇਸ ਵਿੱਚ ਫਸਾ ਦੇਣਗੇ।


ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵੀ.ਬੀ. ਫਲਾਇੰਗ ਸਕੁਐਡ-1, ਪੰਜਾਬ ਦੀ ਟੀਮ ਨੇ ਟਰੈਪ ਲਗਾ ਕੇ ਰੋਹਿਤ ਹਾਂਸ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੋਂ ਕਾਬੂ ਕਰ ਲਿਆ। ਇਸ ਬਾਅਦ ਵਿਜੀਲੈਂਸ ਬਿਊਰੋ ਨੇ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ ਅਤੇ ਹੋਮਗਾਰਡ ਜੁਝਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਵੀ.ਬੀ. ਦੀਆਂ ਟੀਮਾਂ ਫਰਾਰ ਕਾਂਸਟੇਬਲ ਅਮਿਤ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਥਾਣਾ ਵੀ.ਬੀ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਵਿਖੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

error: Content is protected !!