ਨਸ਼ੇ ਦੀ ਓਵਰਡੋਜ਼ ਨਾਲ ਮੌਤ, ਮਾਂ ਕਹਿੰਦੀ -ਮੇਰਾ ਪੁੱਤਰ ਨਸ਼ੇ ਨਹੀਂ ਕਰਦਾ ਦੋਸਤਾਂ ਨੇ ਕਤਲ ਕੀਤਾ, ਸਕੇ ਭਰਾਵਾਂ ਸਣੇ 3 ਫਸੇ

ਨਸ਼ੇ ਦੀ ਓਵਰਡੋਜ਼ ਨਾਲ ਮੌਤ, ਮਾਂ ਕਹਿੰਦੀ -ਮੇਰਾ ਪੁੱਤਰ ਨਸ਼ੇ ਨਹੀਂ ਕਰਦਾ ਦੋਸਤਾਂ ਨੇ ਕਤਲ ਕੀਤਾ, ਸਕੇ ਭਰਾਵਾਂ ਸਣੇ 3 ਫਸੇ

ਵੀਓਪੀ ਬਿਊਰੋ- ਸੁਲਤਾਨਪੁਰ ਲੋਧੀ ਦੇ ਪਿੰਡ ਮੋਠਾਂਵਾਲ ਨੇੜੇ ਮੋਟਰ ‘ਤੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਹਾਲਾਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਸਿਰੇ ਤੋਂ ਨਕਾਰਦੇ ਹੋਏ ਹੱਤਿਆ ਦੇ ਦੋਸ਼ ਲਗਾਏ ਹਨ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਦੋ ਸਕੇ ਭਰਾਵਾਂ ਸਮੇਤ ਤਿੰਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਵਾਸੀ ਪਿੰਡ ਕੱਦਲ ਕਲਾਂ ਵਜੋਂ ਹੋਈ ਹੈ।

ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਵਾਸੀ ਪਿੰਡ ਕਢਲ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੀ 21 ਜੁਲਾਈ ਨੂੰ ਸ਼ਾਮ ਕਰੀਬ 7.30 ਵਜੇ ਪਿੰਡ ਕਢਲ ਕਲਾਂ ਦਾ ਰਹਿਣ ਵਾਲਾ ਸਰਵਣ ਸਿੰਘ ਉਸ ਦੇ ਲੜਕੇ ਜਗਜੀਤ ਸਿੰਘ ਨੂੰ ਘਰੋਂ ਬੁਲਾ ਕੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਸੀ। ਜਦੋਂ ਦੇਰ ਰਾਤ ਤੱਕ ਉਸ ਦਾ ਲੜਕਾ ਘਰ ਵਾਪਸ ਨਾ ਆਇਆ ਤਾਂ ਉਸ ਨੇ ਆਸ-ਪਾਸ ਆਪਣੇ ਲੜਕੇ ਦੀ ਭਾਲ ਕੀਤੀ ਪਰ ਕਿਤੇ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ ਜਦੋਂ ਉਹ ਸਵੇਰੇ ਪਿੰਡ ਮੋਠਾਂਵਾਲ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੰਦਰਜੀਤ ਸਿੰਘ ਉਰਫ਼ ਭਿੰਦਾ ਅਤੇ ਉਸ ਦਾ ਭਰਾ

ਨਿਰਮਲਜੀਤ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਨਾਨੋਮੱਲੀਆਂ ਆਪਣੀ ਮੋਟਰ ਵਾਲੀ ਸਾਈਡ ਤੋਂ ਪੈਦਲ ਆ ਰਹੇ ਸਨ ਅਤੇ ਕਾਫ਼ੀ ਘਬਰਾਏ ਹੋਏ ਨਜ਼ਰ ਆ ਰਹੇ ਸਨ।
ਦੋਵੇਂ ਭਰਾ ਅੱਖਾਂ ਚੁਰਾ ਕੇ ਅੱਗੇ ਵਧ ਗਏ। ਜਦੋਂ ਉਹ ਇੰਦਰਜੀਤ ਦੀ ਮੋਟਰ ’ਤੇ ਗਿਆ ਤਾਂ ਉਸ ਦੇ ਲੜਕੇ ਦਾ ਮੋਟਰਸਾਈਕਲ ਉਥੇ ਖੜ੍ਹਾ ਸੀ ਅਤੇ ਨੇੜੇ ਹੀ ਜਗਜੀਤ ਸਿੰਘ ਬੇਹੋਸ਼ ਪਿਆ ਸੀ। ਉਸ ਦੇ ਕੋਲ ਇੱਕ ਸਰਿੰਜ ਪਈ ਸੀ। ਉਸ ਨੂੰ ਤੁਰੰਤ ਕਪੂਰਥਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਖਵਿੰਦਰ ਕੌਰ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਕਈ ਵਾਰ ਸਰਵਣ ਸਿੰਘ, ਇੰਦਰਜੀਤ ਸਿੰਘ ਉਰਫ਼ ਭਿੰਦਾ ਅਤੇ ਨਿਰਮਲਜੀਤ ਸਿੰਘ ਉਰਫ਼ ਬਿੱਲਾ ਉਸ ਦੇ ਲੜਕੇ ਨੂੰ ਵਰਗਲਾ ਕੇ ਲੈ ਜਾਂਦੇ ਸਨ। ਉਸ ਨੂੰ ਯਕੀਨ ਹੈ ਕਿ ਉਪਰੋਕਤ ਤਿੰਨਾਂ ਨੇ ਮਿਲ ਕੇ ਉਸ ਦੇ ਲੜਕੇ ਨਾਲ ਕੋਈ ਗਲਤ ਕੰਮ ਕੀਤਾ ਹੈ ਅਤੇ ਉਸ ਦਾ ਕਤਲ ਕੀਤਾ ਹੈ। ਸੁਖਵਿੰਦਰ ਕੌਰ ਨੇ ਨਸ਼ੇ ਦੀ ਓਵਰਡੋਜ਼ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਦੋ ਸਕੇ ਭਰਾਵਾਂ ਸਮੇਤ ਤਿੰਨ ਖ਼ਿਲਾਫ਼ ਧਾਰਾ 304, 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਐਸਆਈ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਮ੍ਰਿਤਕ ਦੀ ਮਾਤਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪਿੰਡ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

error: Content is protected !!