ਪੁੱਤ ਮਰ ਗਿਐ… ਜਾਣ ਦਿਓ ਸਾਬ੍ਹ…ਜੀਐਸਟੀ ਅਧਿਕਾਰੀਆਂ ਨੇ ਨਾ ਛੱਡਿਆ ਤਾਂ ਮਰੇ ਪੁੱਤ ਨੂੰ ਆਖਰੀ ਵਾਰ ਨਾ ਦੇਖ ਸਕਣ ਦੇ ਦੁਖ ਵਿਚ ਤੋੜਿਆ ਦਮ

ਪੁੱਤ ਮਰ ਗਿਐ… ਜਾਣ ਦਿਓ ਸਾਬ੍ਹ…ਜੀਐਸਟੀ ਅਧਿਕਾਰੀਆਂ ਨੇ ਨਾ ਛੱਡਿਆ ਤਾਂ ਮਰੇ ਪੁੱਤ ਨੂੰ ਆਖਰੀ ਵਾਰ ਨਾ ਦੇਖ ਸਕਣ ਦੇ ਦੁਖ ਵਿਚ ਤੋੜਿਆ ਦਮ


ਵੀਓਪੀ ਬਿਊਰੋ, ਕਾਨਪੁਰ : ਜੀਐੱਸਟੀ ਅਧਿਕਾਰੀਆਂ ਦੀ ਸਖਤੀ ਤੇ ਲਾਪਰਵਾਹੀ ਇਕ ਟਰੱਕ ਚਾਲਕ ਦੇ ਪਰਿਵਾਰ ਨੂੰ ਭਾਰੀ ਪੈ ਗਈ। ਕਾਨਪੁਰ ਦੇ ਕੋਲਾ ਨਗਰ ਤੋਂ ਸਕ੍ਰੈਪ ਲੱਦ ਕੇ ਪੰਜਾਬ ਜਾ ਰਹੇ ਟਰੱਕ ਚਾਲਕ ਬਲਬੀਰ ਸਿੰਘ ਨੂੰ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਨੇ ਗੱਡੀ ਘਰ ਵੱਲ ਭਜਾ ਲਈ। ਰਾਹ ਵਿਚ ਜੀਟੀ ਰੋਡ ’ਤੇ ਜੀਐੱਸਟੀ ਅਧਿਕਾਰੀਆਂ ਨੇ ਟਰੱਕ ਸਮੇਤ ਉਨ੍ਹਾਂ ਨੂੰ ਜਾਂਚ ਲਈ ਰੋਕ ਲਿਆ। ਇਕ ਵਾਰ ਪੁੱਤਰ ਦਾ ਚਿਹਰਾ ਦੇਖ ਲੈਣ ਦੇ ਤਰਲੇ ਕਰਦਿਆਂ ਬਲਬੀਰ ਅਧਿਕਾਰੀਆਂ ਦੇ ਪੈਰਾਂ ’ਚ ਸਿਰ ਰੱਖ ਕੇ ਗਿੜਗਿੜਾਇਆ ਪਰ ਉਨ੍ਹਾਂ ਨੂੰ ਉਸ ਦਾ ਦੁੱਖ ਬਹਾਨਾ ਲੱਗਿਆ।

ਅਧਿਕਾਰੀ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸਨ। ਐਤਵਾਰ ਦੁਪਹਿਰ ਦਸਤਾਵੇਜ਼ ਪੂਰੇ ਕਰ ਕੇ ਕੰਪਨੀ ਦੇ ਲੋਕ ਟਰੱਕ ’ਤੇ ਪੁੱਜੇ ਤਾਂ ਕੈਬਿਨ ’ਚ ਬਲਬੀਰ ਸਿੰਘ ਦੀ ਲਾਸ਼ ਮਿਲੀ। ਪੁੱਤਰ ਦੇ ਗ਼ਮ ’ਚ ਉਹ ਦਮ ਤੋੜ ਚੁੱਕਾ ਸੀ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਰਵਾਰ ਰਾਤ ਕੋਲਾ ਨਗਰ ਸਥਿਤ ਅਮਰਨਾਥ ਇੰਟਰ ਪ੍ਰਾਈਜਿਜ਼ ਤੋਂ ਸਕ੍ਰੈਪ ਲੱਦ ਕੇ ਲੁਧਿਆਣਾ ਦੇ ਅਮਰਪੁਰਾ ਨਿਵਾਸੀ 49 ਸਾਲਾ ਟਰੱਕ ਡਰਾਈਵਰ ਬਲਵੀਰ ਸਿੰਘ ਉਰਫ਼ ਬਿੱਲੂ ਪੰਜਾਬ ਜਾ ਰਹੇ ਸਨ। ਜੀਟੀ ਰੋਡ ’ਤੇ ਜੀਐੱਸਟੀ ਦੀ ਟੀਮ ਨੇ ਉਨ੍ਹਾਂ ਨੂੰ ਫੜ ਲਿਆ ਤੇ ਟਰੱਕ ਜੀਐੱਸਟੀ ਦਫ਼ਤਰ ’ਚ ਖੜ੍ਹਾ ਕਰਵਾ ਦਿੱਤਾ। ਬਲਵੀਰ ਨੇ ਟਰੱਕ ਮਾਲਿਕ ਲਲਿਤ ਕੁਮਾਰ ਨੂੰ ਸੂਚਨਾ ਦਿੱਤੀ। ਉਸ ਤੋਂ ਪਹਿਲਾਂ ਬਲਬੀਰ ਨੂੰ ਸੂਚਨਾ ਮਿਲ ਚੁੱਕੀ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।


ਦੋਸ਼ ਲਗਾਇਆ ਜਾ ਰਿਹਾ ਹੈ ਕਿ ਹਾਦਸੇ ਬਾਰੇ ਉਨ੍ਹਾਂ ਨੇ ਜੀਐੱਸਟੀ ਅਧਿਕਾਰੀਆਂ ਨੂੰ ਦੱਸਿਆ, ਪਰ ਉਨ੍ਹਾਂ ਨੂੰ ਇਸ ਦੇ ਬਾਵਜੂਦ ਜਾਣ ਨਹੀਂ ਦਿੱਤਾ ਗਿਆ। ਦੇਰੀ ਹੋ ਜਾਣ ਕਾਰਨ ਪਰਿਵਾਰ ਵਾਲਿਆਂ ਨੇ ਸਸਕਾਰ ਕਰ ਦਿੱਤਾ। ਆਖ਼ਰੀ ਵਾਰ ਪੁੱਤਰ ਦਾ ਚਿਹਰਾ ਨਾ ਦੇਖ ਸਕਣ ਕਾਰਨ ਬਲਬੀਰ ਨੂੰ ਡੂੰਘਾ ਸਦਮਾ ਲੱਗਿਆ ਤੇ ਰੋਂਦੇ-ਰੋਂਦੇ ਦਮ ਤੋੜ ਦਿੱਤਾ।
ਸੂਬਾਈ ਟੈਕਸ ਵਿਭਾਗ ਦੇ ਵਧੀਕ ਗ੍ਰੇਡ ਵਨ ਅਧਿਕਾਰੀ ਜੀਐੱਸ ਬੌਨਾਲ ਨੇ ਦੱਸਿਆ ਕਿ ਟਰੱਕ ’ਚ ਕਾਗਜ਼ਾਤ ਘੱਟ ਸਨ, ਉਸੇ ਦੇ ਆਧਾਰ ’ਤੇ ਮਾਲ ਤੇ ਟਰੱਕ ਨੂੰ ਰੋਕ ਕੇ ਲਖਨਪੁਰ ਦਫ਼ਤਰ ਲਿਆਂਦਾ ਗਿਆ ਸੀ। ਨੋਟਿਸ ਦੇਣ ਦੀ ਤਿਆਰੀ ਸੀ। ਐਤਵਾਰ ਸਵੇਰੇ ਟਰੱਕ ਚਾਲਕ ਨੂੰ ਅਧਿਕਾਰੀ ਫੋਨ ਕਰ ਰਹੇ ਸਨ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਜਾ ਕੇ ਦੇਖਿਆ ਤਾਂ ਉਹ ਟਰੱਕ ਦੇ ਅੰਦਰ ਦਮ ਤੋੜ ਚੁੱਕਾ ਸੀ। ਵਿਭਾਗ ਨੂੰ ਉਸ ਦੇ ਪੁਤਰ ਦੇ ਦੇਹਾਂਤ ਦੀ ਜਾਣਕਾਰੀ ਨਹੀਂ ਸੀ।

error: Content is protected !!