ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਡਾਕਟਰ ਪੀਣ ਲੱਗਾ ਸਿਗਰੇਟ, ਵਿਰੋਧ ਕੀਤਾ ਤਾਂ ਪੈ ਗਿਆ ਗਲ਼, ਗਾਲ੍ਹਾਂ ਕੱਢ ਕੇ ਦੇਣ ਲੱਗਾ ਧਮਕੀਆਂ

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਡਾਕਟਰ ਪੀਣ ਲੱਗਾ ਸਿਗਰੇਟ, ਵਿਰੋਧ ਕੀਤਾ ਤਾਂ ਪੈ ਗਿਆ ਗਲ਼, ਗਾਲ੍ਹਾਂ ਕੱਢ ਕੇ ਦੇਣ ਲੱਗਾ ਧਮਕੀਆਂ

ਵੀਓਪੀ ਬਿਊਰੋ, ਪਾਤੜਾਂ : ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਲਈ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਇਸੇ ਤਹਿਤ ਪਿੰਡ ਬਾਦਸ਼ਾਹਪੁਰ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਮੋਬਾਈਲ ਮੈਡੀਕਲ ਟੀਮ ਵੱਲੋਂ ਕੈਂਪ ਲਗਾਇਆ ਗਿਆ। ਜਦੋਂ ਕੈਂਪ ’ਚ ਡਾਕਟਰ ਨੇ ਸਿਗਰਟ ਮੰਗਵਾ ਕੇ ਪੀਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਡਾਕਟਰ ਹੱਥੋਪਾਈ ’ਤੇ ਉੱਤਰ ਆਇਆ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਪੁਲਿਸ ਚੌਕੀ ’ਚ ਚਲਾ ਗਿਆ ਹੈ।ਇਸ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।


ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਸ਼ਾਹਪੁਰ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਕਿਹਾ ਕਿ ਜੇ ਗੁਰਦੁਆਰਾ ਸਾਹਿਬ ’ਚ ਡਾਕਟਰ ਵੱਲੋਂ ਸਿਗਰਟ ਮੰਗਵਾ ਕੇ ਪੀਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਨਿੰਦਣਯੋਗ ਘਟਨਾ ਹੈ। ਪੂਰੀ ਜਾਣਕਾਰੀ ਹਾਸਲ ਕਰ ਕੇ ਡਾਕਟਰ ’ਤੇ ਬਣਦੀ ਕਾਰਵਾਈ ਕਰਵਾਈ ਕੀਤੀ ਜਾਵੇਗੀ। ਪੁਲਿਸ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ, ਮਾਮਲੇ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


ਆਮ ਆਦਮੀ ਪਾਰਟੀ ਦੇ ਆਗੂ ਸ਼ਿਆਮ ਲਾਲ ਪਿੰਡ ਬਾਦਸ਼ਾਹਪੁਰ ਨੇ ਦੱਸਿਆ ਕਿ ਉਸ ਦੇ ਪੇਟ ’ਚ ਦਰਦ ਹੋ ਰਿਹਾ ਸੀ। ਉਹ ਗੁਰਦੁਆਰਾ ਸਾਹਿਬ ’ਚ ਲੱਗੇ ਮੈਡੀਕਲ ਕੈਂਪ ਵਿਚ ਦਵਾਈ ਲੈਣ ਲਈ ਗਿਆ ਤੇ ਵੇਖਿਆ ਇਕ ਡਾਕਟਰ ਲੰਗਰ ਹਾਲ ’ਚ ਚੱਲਦੇ ਕੈਂਪ ਦੌਰਾਨ ਸਿਗਰਟ ਮੰਗਵਾ ਕੇ ਇਕ ਵਿਅਕਤੀ ਨੂੰ ਕਹਿ ਰਿਹਾ ਸੀ ਕਿ ਸਿਗਰਟ ਬਾਲ ਕੇ ਦੇ, ਉਸ ਨੇ ਪੀਣੀ ਹੈ। ਜਦੋਂ ਡਾਕਟਰ ਨੂੰ ਰੋਕਿਆ ਤਾਂ ਉਹ ਉਸ ਦੇ ਗਲ਼ ਪੈ ਗਿਆ ਤੇ ਗਾਲੀ-ਗਲੋਚ ਕਰਦਿਆਂ ਧਮਕੀਆਂ ਦਿੱਤੀਆਂ। ਉਨ੍ਹਾਂ ਵੱਲੋਂ ਉਕਤ ਮਾਮਲਾ ਐੱਸਐੱਮਓ ਬਾਦਸ਼ਾਹਪੁਰ ਦੇ ਧਿਆਨ ਲਿਆਂਦਾ। ਐੱਸਐੱਮਓ ਨੇ ਉੁਨ੍ਹਾਂ ਨੂੰ ਹਸਪਤਾਲ ਪਹੁੰਚਣ ਲਈ ਕਿਹਾ ਜਿੱਥੇ ਬੈਠ ਕੇ ਮਸਲੇ ਦਾ ਹੱਲ ਕਰਨਗੇ।
ਇਸੇ ਦੌਰਾਨ ਪਿੰਡ ਦੇ ਵਸਨੀਕ ਹੇਮਰਾਜ ਨੇ ਦੱਸਿਆ ਕਿ ਉਸ ਦੀ ਮਾਤਾ ਵੀ ਕੈਂਪ ’ਚ ਦਵਾਈ ਲੈਣ ਗਈ ਸੀ, ਉਕਤ ਡਾਕਟਰ ਨੇ ਉਸ ਨਾਲ ਵੀ ਬਦਸਲੂਕੀ ਕੀਤੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਡਾਕਟਰ ’ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਡਾਕਟਰ ਨੂੰ ਆਪਣੇ ਦਫ਼ਤਰ ਬੁਲਾਇਆ ਹੈ। ਮਾਮਲੇ ਦੀ ਪੜਤਾਲ ਕਰਨ ਮਗਰੋਂ ਕਰਵਾਈ ਕੀਤੀ ਜਾਵੇਗੀ।

error: Content is protected !!