ਪੰਜਾਬ ਦੇ ਮਕਬੂਲ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ, ਕਈ ਦਿਨਾਂ ਤੋਂ ਸੀ ਬਿਮਾਰ

ਪੰਜਾਬ ਦੇ ਮਕਬੂਲ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ, ਕਈ ਦਿਨਾਂ ਤੋਂ ਸੀ ਬਿਮਾਰ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਮਕਬੂਲ ਗਾਇਕ ਸੁਰਿੰਦਰ ਸ਼ਿੰਦਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਅੱਜ ਸਵੇਰੇ ਕਰੀਬ 6.30 ਵਜੇ ਲੁਧਿਆਣਾ ਦੇ ਡੀਐਮਸੀ ਵਿਚ ਆਖਰੀ ਸਾਹ ਲਏ ਹਨ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਸਾਂਝੀ ਕੀਤੀ ਹੈ।ਗਾਇਕ ਦੀ ਮੌਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ।


ਉਨ੍ਹਾਂ ਦਾ ਜਨਮ 20 ਮਈ, 1959 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ ‘ਚ ਹੋਇਆ ਸੀ। ਸੁਰਿੰਦਰ ਸ਼ਿੰਦਾ ਨੇ ਆਪਣੀ ਦਮਦਾਰ ਆਵਾਜ਼ ਨਾਲ ਪੰਜਾਬੀ ਸੰਗੀਤ ਉਦਯੋਗ ਵਿਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਅਣਗਿਣਤ ਗੀਤਾਂ ਵਿਚ ਜਾਨ ਪਾ ਕੇ ਆਪਣੀ ਵਿਲੱਖਣ ਸ਼ੈਲੀ ਅਤੇ ਮਨਮੋਹਕ ਪ੍ਰਦਰਸ਼ਨਾਂ ਨਾਲ ਸਰੋਤਿਆਂ ਨੂੰ ਮੋਹਿਆ ਸੀ। ਪੰਜਾਬੀ ਸੰਗੀਤ ਜਗਤ ‘ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ ‘ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 ‘ਚ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੀ ਵੱਖਰੀ ਆਵਾਜ਼ ਅਤੇ ਗੀਤਾਂ ਵਿੱਚ ਭਾਵਨਾਵਾਂ ਨੂੰ ਪ੍ਰਭਾਵਤ ਕਰਨ ਦੀ ਯੋਗਤਾ ਨਾਲ ਉਨ੍ਹਾਂ ਪੀੜ੍ਹੀਆਂ ਤੱਕ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ। ਅਪਣੇ ਸੰਗੀਤ ਸਫ਼ਰ ਦੌਰਾਨ ਸੁਰਿੰਦਰ ਸ਼ਿੰਦਾ ਨੇ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਜਿਨ੍ਹਾਂ ਨੇ ਖ਼ੂਬ ਪ੍ਰਸਿੱਧੀ ਖੱਟੀ। “ਮਿਰਜ਼ਾ ਸਾਹਿਬਾ,” “ਪੁੱਤ ਜੱਟਾਂ ਦੇ,” “ਬਲਬੀਰੋ ਭਾਬੀ,” “ਜੱਟ ਜੀਓ ਮੋੜ” ਵਰਗੇ ਗੀਤਾਂ ਨੇ ਉਨ੍ਹਾਂ ਦੀ ਬੇਮਿਸਾਲ ਪ੍ਰਤਿਭਾ ਅਤੇ ਕਲਾ ਨੂੰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਇਸ ਤਰ੍ਹਾਂ ਦੁਨੀਆਂ ਤੋਂ ਰੁਖਸਤ ਹੋ ਜਾਣ ਨਾਲ ਪ੍ਰਵਾਰ, ਸੰਗੀਤ ਜਗਤ ਅਤੇ ਸਰੋਤਿਆਂ ਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।


ਜ਼ਿਕਰਯੋਗ ਹੈ ਕਿ ਸਵਰਗੀ ਛਿੰਦਾ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਪਹਿਲਾਂ ਉਨ੍ਹਾਂ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਦ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਡੀਐੱਮਸੀ ਦਾਖਲ ਕਰਵਾਇਆ ਗਿਆ ਸੀ।

error: Content is protected !!