ਰਾਤ ਨੂੰ ਦੁਕਾਨ ਤੋਂ ਸਾਮਾਨ ਲੈਣ ਗਈ ਨਾਬਾਲਿਗਾ ਨੂੰ ਕਮਰੇ ਵਿਚ ਲੈ ਗਏ ਪਰਵਾਸੀ ਨੌਜਵਾਨ, ਸਮੂਹਿਕ ਜਬਰ ਜਨਾਹ ਕਰ ਕੇ ਕੁੜੀ ਨੂੰ ਕਮਰੇ ਵਿਚ ਹੀ ਬੰਨ੍ਹ ਕੇ ਹੋਏ ਫਰਾਰ

ਰਾਤ ਨੂੰ ਦੁਕਾਨ ਤੋਂ ਸਾਮਾਨ ਲੈਣ ਗਈ ਨਾਬਾਲਿਗਾ ਨੂੰ ਕਮਰੇ ਵਿਚ ਲੈ ਗਏ ਪਰਵਾਸੀ ਨੌਜਵਾਨ, ਸਮੂਹਿਕ ਜਬਰ ਜਨਾਹ ਕਰ ਕੇ ਕੁੜੀ ਨੂੰ ਕਮਰੇ ਵਿਚ ਹੀ ਬੰਨ੍ਹ ਕੇ ਹੋਏ ਫਰਾਰ


ਵੀਓਪੀ ਬਿਊਰੋ, ਬਨੂੜ : ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਥਾਣਾ ਸ਼ੰਭੂ ਅਧੀਨ ਪੈਂਦੇ ਇਕ ਪਿੰਡ ’ਚ ਨਾਬਾਲਗ ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਉਕਤ ਨਾਬਾਲਿਗਾ ਨਾਲ 2 ਪਰਵਾਸੀ ਨੌਜਵਾਨਾਂ ਵੱਲੋਂ ਜਬਰ-ਜਨਾਹ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਨੇੜੇ ਸਥਿਤ ਕਿਸੇ ਗੁਦਾਮ ’ਚ ਕੰਮ ਕਰਨ ਵਾਲੇ 2 ਨੌਜਵਾਨ ਪਿੰਡ ਦੇ ਵਸਨੀਕ ਦੇ ਘਰ ’ਚ ਕਿਰਾਏ ’ਤੇ ਰਹਿੰਦੇ ਸਨ। ਬੀਤੀ ਰਾਤ ਇਹ ਨਾਬਾਲਗ ਕੁੜੀ ਜਦੋਂ ਪਿੰਡ ’ਚ ਸਥਿਤ ਕਿਸੇ ਦੁਕਾਨ ਤੋਂ ਤਕਰੀਬਨ 8 ਕੁ ਵਜੇ ਸਾਮਾਨ ਲੈ ਕੇ ਆ ਰਹੀ ਸੀ ਤਾਂ ਕਿਰਾਏ ਦੇ ਮਕਾਨ ’ਚ ਰਹਿੰਦੇ ਪਰਵਾਸੀ ਨੌਜਵਾਨ ਕੁੜੀ ਨੂੰ ਮਕਾਨ ਅੰਦਰ ਲੈ ਕੇ ਗਏ। ਨੌਜਵਾਨ ਨਾਬਾਲਿਗ ਕੁੜੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਪੀੜਤਾ ਦੇ ਹੱਥਾਂ ਨੂੰ ਕਿਸੇ ਕੱਪੜੇ ਜਾਂ ਰੱਸੀ ਨਾਲ ਬੰਨ੍ਹ ਕੇ ਕਮਰੇ ’ਚ ਬੰਦ ਕਰ ਕੇ ਫ਼ਰਾਰ ਹੋ ਗਏ।


ਜਦੋਂ ਗੁਆਂਢੀ ਅਤੇ ਪਿੰਡ ਦੇ ਵਸਨੀਕਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ 100 ’ਤੇ ਫੋਨ ਕਰ ਕੇ ਸੂਚਿਤ ਕੀਤਾ ਗਿਆ। ਪੀੜਤ ਨਾਬਾਲਿਗਾ ਕੁੜੀ ਦੇ ਮਾਪਿਆਂ ਅਤੇ ਪਿੰਡ ਦੇ ਵਸਨੀਕਾਂ ਨੇ ਕਮਰੇ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਕੁੜੀ ਨੂੰ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਾਇਆ।


ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਿਕ ਨੇ ਦੱਸਿਆ ਕਿ ਨਾਬਾਲਗ ਕੁੜੀ ਦੀ ਮਾਤਾ ਦੇ ਬਿਆਨਾਂ ’ਤੇ ਮੁਲਜ਼ਮ ਵਿਕਾਸ ਵਾਸੀ ਹਰਿਆਣਾ ਤੇ ਸੁਖਵੀਰ ਵਾਸੀ ਰਾਜਸਥਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਨੌਜਵਾਨਾਂ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿਵਾਈ ਜਾਵੇਗੀ।

error: Content is protected !!