ਤਾਏ ਨੇ ਪੁੱਤ ਨਾਲ ਮਿਲ ਕੇ ਭਤੀਜੇ ਨੂੰ ਪਾਣੀ ਮਿਲਾ ਕੇ ਪਿਆ ਦਿੱਤਾ ਜ਼ਹਿਰ, ਤਬੀਅਤ ਵਿਗੜਨ ਤੋਂ ਬਾਅਦ ਹੋਈ ਮੌਤ, ਜ਼ਮੀਨੀ ਝਗੜੇ ਕਾਰਨ ਰੱਖਦੇ ਸੀ ਰੰਜਿਸ਼

ਤਾਏ ਨੇ ਪੁੱਤ ਨਾਲ ਮਿਲ ਕੇ ਭਤੀਜੇ ਨੂੰ ਪਾਣੀ ਮਿਲਾ ਕੇ ਪਿਆ ਦਿੱਤਾ ਜ਼ਹਿਰ, ਤਬੀਅਤ ਵਿਗੜਨ ਤੋਂ ਬਾਅਦ ਹੋਈ ਮੌਤ, ਜ਼ਮੀਨੀ ਝਗੜੇ ਕਾਰਨ ਰੱਖਦੇ ਸੀ ਰੰਜਿਸ਼


ਵੀਓਪੀ ਬਿਊਰੋ, ਬਠਿੰਡਾ- ਬਠਿੰਡਾ ਵਿਚ ਜ਼ਮੀਨੀ ਝਗੜੇ ਕਾਰਨ ਇਕ ਵਿਅਕਤੀ ਨੇ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਹੀ ਭਤੀਜੇ ਨੂੰ ਪਾਣੀ ‘ਚ ਜ਼ਹਿਰ ਮਿਲਾ ਕੇ ਦੇ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 21 ਸਾਲਾ ਨਵਦੀਪ ਸਿੰਘ ਪੁੱਤਰ ਬਾਦਲ ਸਿੰਘ ਵਾਸੀ ਕੋਟਭਾਰਾ ਵਜੋਂ ਹੋਈ ਹੈ। ਨਵਦੀਪ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਕੋਟਫੱਤਾ ਪੁਲਿਸ ਨੇ ਦੋਵਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਕੋਟਭਾਰਾ ਦੇ 2 ਭਰਾਵਾਂ ਬਾਦਲ ਸਿੰਘ ਅਤੇ ਗੁਰਤੇਜ ਸਿੰਘ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਝਗੜਾ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਅਨੁਸਾਰ ਨਵਦੀਪ ਸਿੰਘ ਸੋਮਵਾਰ ਸਵੇਰੇ ਆਪਣੀ ਪਾਣੀ ਦੀ ਬੋਤਲ ਲੈ ਕੇ ਖੇਤਾਂ ‘ਚ ਗਿਆ ਸੀ ਅਤੇ ਉਸ ਨੇ ਬੋਤਲ ਇਕ ਪਾਸੇ ਰੱਖ ਦਿੱਤੀ। ਇਸ ਦੌਰਾਨ ਉਸਦਾ ਭਰਾ ਗੁਰਤੇਜ ਸਿੰਘ ਅਤੇ ਭਤੀਜਾ ਗੁਰਜੀਤ ਸਿੰਘ ਵੀ ਖੇਤਾਂ ‘ਚ ਕੰਮ ਕਰ ਰਹੇ ਸਨ ਅਤੇ ਨਵਦੀਪ ਦੀ ਪਾਣੀ ਦੀ ਬੋਤਲ ‘ਚ ਜ਼ਹਿਰ ਮਿਲਾ ਦਿੱਤਾ। ਜਦੋਂ ਨਵਦੀਪ ਨੇ ਬੋਤਲ ‘ਚੋਂ ਪਾਣੀ ਪੀਤਾ ਤਾਂ ਅਚਾਨਕ ਤਬੀਅਤ ਖ਼ਰਾਬ ਹੋਣ ‘ਤੇ ਉਸ ਨੇ ਮੈਨੂੰ ਖੇਤਾਂ ਵਿਚ ਸੱਦ ਲਿਆ। ਬਾਦਲ ਸਿੰਘ ਮੁਤਾਬਕ ਜਦੋਂ ਉਹ ਖੇਤਾਂ ‘ਚ ਪਹੁੰਚਿਆ ਤਾਂ ਉਸ ਦੇ ਮੁੰਡੇ ਨੂੰ ਉਲਟੀਆਂ ਆ ਰਹੀਆਂ ਸਨ। ਉਸ ਨੇ ਤੁਰੰਤ ਆਪਣੇ ਮੁੰਡੇ ਨੂੰ ਤਲਵੰਡੀ ਸਾਬੋ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਆਦੇਸ਼ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।


ਬਾਦਲ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨੀ ਝਗੜੇ ਕਾਰਨ ਉਸ ਦੇ ਆਪਣੇ ਭਰਾ ਗੁਰਤੇਜ ਸਿੰਘ ਅਤੇ ਭਤੀਜੇ ਗੁਰਜੀਤ ਸਿੰਘ ਨੇ ਉਸ ਦੇ ਮੁੰਡੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਉਥੇ ਹੀ ਥਾਣਾ ਕੋਟਫੱਤਾ ਦੇ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਬਾਦਲ ਸਿੰਘ ਦੇ ਬਿਆਨਾਂ ‘ਤੇ ਗੁਰਤੇਜ ਸਿੰਘ ਅਤੇ ਉਸ ਦੇ ਮੁੰਡੇ ਗੁਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਕਿ ਫਿਲਹਾਲ ਫਰਾਰ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!