ਗਿਆਨਵਾਪੀ ਮਸਜਿਦ ‘ਚ ਸਰਵੇਖਣ ਦੇ ਮਾਮਲੇ ‘ਚ ਮੁਸਲਿਮ ਧਿਰ ਨੂੰ ਝਟਕਾ, ਅਦਾਲਤ ਨੇ ਕਿਹਾ- ਸੱਚਾਈ ਸਾਹਮਣੇ ਲਿਆਉਣੀ ਜ਼ਰੂਰੀ

ਗਿਆਨਵਾਪੀ ਮਸਜਿਦ ‘ਚ ਸਰਵੇਖਣ ਦੇ ਮਾਮਲੇ ‘ਚ ਮੁਸਲਿਮ ਧਿਰ ਨੂੰ ਝਟਕਾ, ਅਦਾਲਤ ਨੇ ਕਿਹਾ- ਸੱਚਾਈ ਸਾਹਮਣੇ ਲਿਆਉਣੀ ਜ਼ਰੂਰੀ


ਪ੍ਰਯਾਗਰਾਜ (ਵੀਓਪੀ ਬਿਊਰੋ) ਮੁਸਲਿਮ ਧਿਰ ਨੂੰ ਇਲਾਹਾਬਾਦ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੂੰ ਸਰਵੇਖਣ ਕਰਨ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਸਰਵੇਖਣ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਲਈ ਇਹ ਜਾਰੀ ਰਹੇਗਾ। ਜਸਟਿਸ ਪ੍ਰੀਤਿੰਕਰ ਦਿਵਾਕਰ ਦੀ ਸਿੰਗਲ ਬੈਂਚ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ।


ਸਰਵੇਖਣ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਇਨਸਾਫ਼ ਲਈ ਇਹ ਸਰਵੇਖਣ ਜ਼ਰੂਰੀ ਹੈ। ਇਸ ਨੂੰ ਕੁਝ ਸ਼ਰਤਾਂ ਨਾਲ ਲਾਗੂ ਕਰਨ ਦੀ ਲੋੜ ਹੈ। ਸਰਵੇਖਣ ਕਰੋ ਪਰ ਖੁਦਾਈ ਦੇ ਬਗੈਰ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਏ.ਐਸ.ਆਈ. ਨੂੰ ਸੁਣਵਾਈ ਪੂਰੀ ਹੋਣ ਤੱਕ ਮਸਜਿਦ ਦਾ ਸਰਵੇਖਣ ਸ਼ੁਰੂ ਨਾ ਕਰਨ ਲਈ ਕਿਹਾ ਸੀ। ਜੁਲਾਈ ਦੇ ਆਖ਼ਰੀ ਹਫ਼ਤੇ ਦੋਵਾਂ ਧਿਰਾਂ ਵੱਲੋਂ ਲਗਾਤਾਰ ਦੋ ਦਿਨ ਅਦਾਲਤ ਵਿੱਚ ਬਹਿਸ ਹੋਈ। ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ 27 ਜੁਲਾਈ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।


ਹਿੰਦੂ ਪੱਖ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਹਾਈ ਕੋਰਟ ਦੇ ਫੈਸਲੇ ‘ਤੇ ਕਿਹਾ, ”ਇਲਾਹਾਬਾਦ ਹਾਈ ਕੋਰਟ ਨੇ ਏਐਸਆਈ ਨੂੰ ਸਰਵੇਖਣ ਕਰਨ ਲਈ ਕਿਹਾ ਹੈ। ਹਾਈਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਵੀ ਕਿਹਾ ਹੈ। ਕੋਰਟ ਨੇ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਏ.ਐਸ.ਆਈ ਨੇ ਆਪਣਾ ਹਲਫ਼ਨਾਮਾ ਦਿੱਤਾ ਹੈ। ਅਦਾਲਤ ਦਾ ਹੁਕਮ ਆ ਗਿਆ ਹੈ, ਅਜਿਹੇ ‘ਚ ਹੁਣ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਈ ਕੋਰਟ ਨੇ ਮੁਸਲਿਮ ਪੱਖ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਾਰਾਣਸੀ ਦੇ ਜ਼ਿਲ੍ਹਾ ਜੱਜ ਵੱਲੋਂ ਗਿਆਨਵਾਪੀ ਸਰਵੇਖਣ ਦੀ ਇਜਾਜ਼ਤ ਦੇਣ ਦੇ ਹੁਕਮ ਨੂੰ ਅੰਜੁਮਨ ਇੰਤੇਜ਼ਾਮੀਆ ਮਸਜਿਦ ਨੇ ਚੁਣੌਤੀ ਦਿੱਤੀ ਸੀ। ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਪ੍ਰੀਤਿੰਕਰ ਦਿਵਾਕਰ ਦੀ ਸਿੰਗਲ ਬੈਂਚ ਨੇ ਮੁਸਲਿਮ ਪੱਖ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕੀਤੀ।

ਅਦਾਲਤ ਵਿੱਚ ਬਹਿਸ ਕਰਦਿਆਂ ਮੁਸਲਿਮ ਪੱਖ ਦੇ ਵਕੀਲ ਐਸ.ਐਫ.ਏ. ਨਕਵੀ ਨੇ ਅਚਨਚੇਤ ਅਦਾਲਤ ਦੇ ਹੁਕਮਾਂ ਰਾਹੀਂ ਗਿਆਨਵਾਪੀ ਦੇ ਵਿਗਿਆਨਕ ਸਰਵੇਖਣ ਨਾਲ ਗਿਆਨਵਾਪੀ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦਾ ਖਮਿਆਜ਼ਾ ਦੇਸ਼ ਨੂੰ ਝੱਲਣਾ ਪਿਆ ਹੈ।

ਹਾਲਾਂਕਿ, ਏਐਸਆਈ ਨੇ ਮੁਸਲਿਮ ਪੱਖ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਸਰਵੇਖਣ ਲਈ ਅਪਣਾਈ ਗਈ ਤਕਨੀਕ ਗਿਆਨਵਾਪੀ ਦੇ ਬੁਨਿਆਦੀ ਢਾਂਚੇ ਨੂੰ ਵੀ ਨਹੀਂ ਰਗੜਦੀ। ਉਥੇ ਹੀ ਹਿੰਦੂ ਪੱਖ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਅਤੇ ਸੌਰਭ ਤਿਵਾੜੀ ਨੇ ਕਿਹਾ ਕਿ ਉਹ ਵਿਗਿਆਨਕ ਸਰਵੇਖਣ ਰਾਹੀਂ ਗਿਆਨਵਾਪੀ ਦੀ ਸੱਚਾਈ ਸਾਹਮਣੇ ਲਿਆਉਣਾ ਚਾਹੁੰਦੇ ਹਨ।

error: Content is protected !!