ਦਰਦਨਾਕ ਸੜਕ ਹਾਦਸਿਆਂ ‘ਚ 2 ਜਣਿਆਂ ਦੀ ਹੋਈ ਮੌਤ, ਘਰਾਂ ‘ਚ ਵਿਛੇ ਸੱਥਰ

ਦਰਦਨਾਕ ਸੜਕ ਹਾਦਸਿਆਂ ‘ਚ 2 ਜਣਿਆਂ ਦੀ ਹੋਈ ਮੌਤ, ਘਰਾਂ ‘ਚ ਵਿਛੇ ਸੱਥਰ

ਫਿਰੋਜ਼ਪੁਰ (ਵੀਓਪੀ ਬਿਊਰੋ) ਇਲਾਕੇ ਵਿੱਚ ਦੋ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖਮੀ ਔਰਤਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਫਿਰੋਜ਼ਪੁਰ ਅਤੇ ਜੀਰਾ ਦੀ ਪੁਲਿਸ ਨੇ ਵੀਰਵਾਰ ਨੂੰ ਦੋਵੇਂ ਦੋਸ਼ੀ ਡਰਾਈਵਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਮੰਗਲ ਸਿੰਘ ਵਾਸੀ ਕਿਲਚਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਬੂਟਾ ਸਿੰਘ (22) ਆਪਣੀਆਂ ਦੋ ਰਿਸ਼ਤੇਦਾਰਾਂ ਗੁਰਪ੍ਰੀਤ ਕੌਰ ਅਤੇ ਸੰਜਨਾ ਨਾਲ ਮੋਟਰਸਾਈਕਲ ’ਤੇ ਮਮਦੋਟ ਵਿਖੇ ਮਾਤਾ ਨਾਹਰਾ ਵਾਲੀ ਦਾ ਮੇਲਾ ਦੇਖ ਕੇ ਵਾਪਸ ਘਰ ਆ ਰਿਹਾ ਸੀ। ਜਿਵੇਂ ਹੀ ਪਿੰਡ ਖੈਫੇਮਿਕੀ ਨੇੜੇ ਪਹੁੰਚੇ ਤਾਂ ਤੇਜ਼ ਰਫਤਾਰ ਪਿਕਅੱਪ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੂਟਾ ਸਿੰਘ ਦੀ ਮੌਤ ਹੋ ਗਈ ਜਦਕਿ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਦੋਵੇਂ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।


ਦੂਜੇ ਪਾਸੇ ਨਿਰਮਲ ਸਿੰਘ ਵਾਸੀ ਫਿੱਡੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ (35) ਕੰਮ ਤੋਂ ਬਾਅਦ ਸਾਈਕਲ ’ਤੇ ਘਰ ਪਰਤ ਰਿਹਾ ਸੀ। ਜਿਵੇਂ ਹੀ ਪਿੰਡ ਸੇਖਵਾਂ ਕੋਲ ਪਹੁੰਚਿਆ ਤਾਂ ਤੇਜ਼ ਰਫਤਾਰ ਮਹਿੰਦਰਾ ਪਿਕਅੱਪ ਗੱਡੀ ਨੇ ਉਨ੍ਹਾਂ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਮਨਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

error: Content is protected !!