ਦਿੱਲੀ ਹਵਾਈ ਅੱਡੇ ਉਤੇ ਹੰਗਾਮਾ, ਏਅਰ ਇੰਡੀਆ ਦੇ ਸਟਾਫ ਤੇ ਯਾਤਰੀਆਂ ਵਿਚਾਲੇ ਬਹਿਸਬਾਜ਼ੀ, ਜਾਣੋ ਕੀ ਪਿਆ ਪੰਗਾ
ਵੀਓਪੀ ਬਿਊਰੋ, ਨਵੀਂ ਦਿੱਲੀ – ਦਿੱਲੀ ਏਅਰਪੋਰਟ ‘ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦਿੱਲੀ ਦੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਨੂੰ ਸਵੇਰੇ 5 ਵਜੇ ਰੱਦ ਕਰ ਦਿੱਤਾ। ਯਾਤਰੀ ਉਡਾਨ ਨਹੀਂ ਭਰ ਸਕੇ। ਇਸ ਕਾਰਨ ਇੱਕ ਵਾਰ ਫਿਰ ਤੋਂ ਹਵਾਈ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਫਲਾਈਟ ਨੂੰ ਰੱਦ ਕੀਤੇ ਕਈ ਘੰਟੇ ਹੋ ਗਏ ਤੇ ਏਅਰਪੋਰਟ ‘ਤੇ ਮੌਜੂਦ 200 ਦੇ ਕਰੀਬ ਯਾਤਰੀ ਪਰੇਸ਼ਾਨ ਹੋ ਰਹੇ ਹਨ।ਇਨ੍ਹਾਂ ਵਿਚ ਕਈ ਪੰਜਾਬੀ ਯਾਤਰੀ ਵੀ ਹਨ।
ਇਸ ਮੁਸ਼ਕਲ ਦੇ ਸਮੇਂ ਵਿੱਚ ਉਨ੍ਹਾਂ ਨੂੰ ਨਾ ਹੀ ਖਾਣ-ਪੀਣ ਦਾ ਸਾਮਾਨ ਮਿਲ ਰਿਹਾ ਹੈ, ਨਾ ਹੀ ਕੋਈ ਰਿਫੰਡ ਮਿਲਿਆ ਹੈ। ਫਲਾਈਟ ਰੱਦ ਹੋਣ ਕਾਰਨ ਗੁੱਸੇ ‘ਚ ਆਏ ਯਾਤਰੀਆਂ ਨੇ ਏਅਰਪੋਰਟ ਦੇ ਅੰਦਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਯਾਤਰੀ ਅਤੇ ਏਅਰ ਇੰਡੀਆ ਦੇ ਸਟਾਫ਼ ਦੇ ਵਿਚਕਾਰ ਫਲਾਈਟ ‘ਚ ਹੋਈ ਦੇਰੀ ਨੂੰ ਲੈ ਕੇ ਬਹਿਸ ਹੋਣੀ ਸ਼ੁਰੂ ਹੋ ਗਈ। ਇਸ ਮਾਮਲੇ ਦੀ ਵੀਡੀਓ ਬਣਾ ਕੇ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਆਪਣੀ ਪਰੇਸ਼ਾਨੀ ਜ਼ਾਹਿਰ ਕੀਤੀ।