ਖੇਤ ਨੂੰ ਪਾਣੀ ਲਾਉਂਦੇ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੀਤੀ ਵੱਢ-ਟੁੱਕ, ਸਹੀ ਸਮੇਂ ਉਤੇ ਇਲਾਜ ਨਾ ਮਿਲਣ ਕਾਰਨ ਮੌਤ

ਖੇਤ ਨੂੰ ਪਾਣੀ ਲਾਉਂਦੇ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੀਤੀ ਵੱਢ-ਟੁੱਕ, ਸਹੀ ਸਮੇਂ ਉਤੇ ਇਲਾਜ ਨਾ ਮਿਲਣ ਕਾਰਨ ਮੌਤ


ਵੀਓਪੀ ਬਿਊਰੋ, ਸਿੱਧਵਾਂ ਬੇਟ : ਬੀਤੀ ਰਾਤ ਖੇਤਾਂ ਨੂੰ ਪਾਣੀ ਲਾਉਣ ਗਏ ਵਿਅਕਤੀ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਰੇਸ਼ਮ ਸਿੰਘ (40) ਪੁੱਤਰ ਸ਼ੇਰ ਸਿੰਘ ਵਾਸੀ ਖੋਲਿਆਂ ਵਾਲ ਪੁਲ ਮਲਸੀਹਾਂ ਬਾਜਣ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰੇਸ਼ਮ ਸਿੰਘ ਕਿਸੇ ਜ਼ਿਮੀਂਦਾਰ ਕੋਲ ਸੀਰੀ ਵਜੋਂ ਕੰਮ ਕਰਦਾ ਸੀ। ਜ਼ਿਮੀਂਦਾਰ ਵਿਦੇਸ਼ ਰਹਿੰਦਾ ਹੋਣ ਕਰ ਕੇ ਉਸ ਦੇ ਘਰ ਤੇ ਜ਼ਮੀਨ ਦੀ ਸਾਂਭ-ਸੰਭਾਲ ਰੇਸ਼ਮ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਬੀਤੀ ਰਾਤ ਉਹ ਖੇਤ ‘ਚ ਮੋਟਰ ‘ਤੇ ਝੋਨੇ ਨੂੰ ਪਾਣੀ ਲਗਾ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਤੇਜ਼ਧਾਰ ਹਥਿਆਰਾਂ ਤੇ ਬੇਸਬਾਲ ਵਗੈਰਾ ਨਾਲ ਬੁਰੀ ਤਰ੍ਹਾਂ ਵੱਢ-ਟੁੱਕ ਕਰ ਦਿੱਤੀ। ਪਿੰਡ ਵਾਸੀਆਂ ਨੂੰ ਪਤਾ ਲੱਗਣ ਤੇ ਰੇਸ਼ਮ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ‘ਚ ਉਸ ਦੀ ਮੌਤ ਹੋ ਗਈ। ਪਿੰਡ ਮਲਸੀਹਾਂ ਬਾਜਣ ਦੇ ਸਰਪੰਚ ਜੋਗਿੰਦਰ ਸਿੰਘ ਢਿੱਲੋਂ, ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ, ਸਰਪੰਚ ਜਸਵੀਰ ਸਿੰਘ ਜੱਸਾ ਪਰਜੀਆਂ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ ‘ਤੇ ਉਹ ਰੇਸ਼ਮ ਸਿੰਘ ਚੁੱਕ ਕੇ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਕੇ ਗਏ, ਜਿੱਥੇ ਡਿਊਟੀ ਡਾਕਟਰ ਨਾ ਹੋਣ ਕਰਕੇ ਮੌਜੂਦ ਨਰਸ ਨੇ ਬਿਨਾਂ ਚੈੱਕ ਕੀਤਿਆਂ ਉਸ ਨੂੰ ਜਗਰਾਓਂ ਲਈ ਰੈਫ਼ਰ ਕਰ ਦਿੱਤਾ ਤੇ ਸਿਵਲ ਹਸਪਤਾਲ ਜਗਰਾਓਂ ਨੇ ਅੱਗੇ ਲੁਧਿਆਣਾ ਭੇਜਣ ਦਾ ਹੁਕਮ ਸੁਣਾ ਦਿੱਤਾ, ਜਿੱਥੇ ਰਸਤੇ ‘ਚ ਉਸ ਦੀ ਮੌਤ ਹੋ ਗਈ।

ਉਕਤ ਸਰਪੰਚਾਂ ਨੇ ਸਿਵਲ ਹਸਪਤਾਲਾਂ ਦੇ ਸਟਾਫ਼ ‘ਤੇ ਇਲਾਜ ਇਲਾਜ ਨਾ ਕਰਨ ਦੇ ਗੰਭੀਰ ਦੋਸ਼ ਲਗਾਉਦਿਆਂ ਦੱਸਿਆ ਕਿ ਉਹ ਪਿੰਡ ਵਾਸੀਆਂ ਸਮੇਤ ਰੇਸ਼ਮ ਸਿੰਘ ਦਾ ਇਲਾਜ ਕਰਵਾਉਣ ਅਤੇ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਤਿੰਨ ਘੰਟਿਆਂ ਤਕ ਇਨ੍ਹਾਂ ਹਸਪਤਾਲਾਂ ‘ਚ ਰੁਲਦੇ ਰਹੇ ਪਰ ਇਨ੍ਹਾਂ ਦੋਹਾਂ ਹਸਪਤਾਲਾਂ ਦੇ ਸਟਾਫ਼ ਨੇ ਉਨ੍ਹਾਂ ਦੀ ਇਕ ਨਾ ਸੁਣੀ। ਦੁਖੀ ਹੋ ਕੇ ਉਨ੍ਹਾਂ ਨੇ ਪ੍ਰਾਈਵੇਟ ਗੱਡੀ ਦਾ ਪ੍ਰਬੰਧ ਕਰਕੇ ਰੇਸ਼ਮ ਸਿੰਘ ਨੂੰ ਲੁਧਿਆਣਾ ਭੇਜਿਆ ਪਰ ਗੱਡੀ ‘ਚ ਇਲਾਜ ਲਈ ਯੋਗ ਸੁਵਿਧਾਵਾਂ ਨਾ ਹੋਣ ਕਰਕੇ ਉਸ ਦੀ ਰਸਤੇ ‘ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਤਿੰਨ ਘੰਟਿਆਂ ਤੱਕ ਰੇਸ਼ਮ ਸਿੰਘ ਠੀਕ ਸੀ ਪਰ ਸਹੀ ਸਮੇਂ ਇਲਾਜ ਨਾ ਹੋਣ ਕਰ ਕੇ ਉਸ ਦੀ ਮੌਤ ਹੋ ਗਈ।


ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵਲੋਂ ਬਾਰੀਕੀ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!