ਚੰਦਰਯਾਨ-3 ਮਿਸ਼ਨ ਵੱਲੋਂ ਲਈ ਗਈ ਚੰਦਰਮਾ ਦੀ ਪਹਿਲੀ ਵੀਡੀਓ ਇਸਰੋ ਨੇ ਕੀਤੀ ਸਾਂਝੀ, ਚੰਦਰਮਾ ਦੇ ਪੰਧ ਵਿਚ ਪਹੁੰਚਿਆ ਚੰਦਰਯਾਨ-3 ਮਿਸ਼ਨ, ਦੇਖੋ ਵੀਡੀਓ
ਨਵੀਂ ਦਿੱਲੀ : ਇਸਰੋ ਨੇ ਚੰਦਰਮਾ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਚੰਦਰਯਾਨ-3 ਮਿਸ਼ਨ ਵਲੋਂ ਚੰਦਰਮਾ ਦੇ ਪੰਧ ਵਿਚ ਦਾਖ਼ਲ ਹੋਣ ਦੌਰਾਨ ਕੈਪਚਰ ਕੀਤੀ ਗਈ। ਪੁਲਾੜ ਏਜੰਸੀ ਨੇ ਵੀਡੀਓ “ਚੰਦਰਯਾਨ-3 ਮਿਸ਼ਨ : ਚੰਦਰਮਾ ਜਿਵੇਂ ਕਿ ਚੰਦਰਯਾਨ-3 ਚੰਦਰਮਾ ਦੇ ਪੰਧ ਵਿਚ ਦਾਖ਼ਲ ਹੋਣ ਦੌਰਾਨ ਦੇਖਿਆ ਗਿਆ” ਸਿਰਲੇਖ ਹੇਠ ਸਾਂਝੀ ਕੀਤੀ ਹੈ।
ਇਸਰੋ ਵੱਲੋਂ ਜਾਰੀ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਚੰਦਰਮਾ ‘ਤੇ ਨੀਲੇ ਹਰੇ ਰੰਗ ਦੇ ਕਈ ਟੋਏ ਹਨ। ਦੱਸ ਦੇਈਏ ਕਿ ਇਹ ਵੀਡੀਓ ਐਤਵਾਰ ਦੇਰ ਰਾਤ ਹੋਣ ਵਾਲੀ ਦੂਜੀ ਵੱਡੀ ਗਤੀਵਿਧੀ ਤੋਂ ਕੁਝ ਘੰਟੇ ਪਹਿਲਾਂ ਜਾਰੀ ਕੀਤਾ ਗਿਆ। ਇਸਰੋ ਨੇ ਚੰਦਰਮਾ ਦੀ ਇਹ ਪਹਿਲੀ ਝਲਕ ਸੋਸ਼ਲ ਸਾਈਟ ਟਵਿੱਟਰ ‘ਤੇ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਚੰਦਰਯਾਨ-3 ਮਿਸ਼ਨ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਾੜ ਯਾਨ ਧਰਤੀ ਦੇ ਪੰਜ ਚੱਕਰ ਲਾਉਂਦੇ ਹੋਏ ਚੰਦਰਮਾ ਵੱਲ ਰਵਾਨਾ ਹੋਇਆ। ਸ਼ਨਿਚਰਵਾਰ ਨੂੰ ਮਿਸ਼ਨ ਲਈ ਮਹੱਤਵਪੂਰਨ ਦਿਨ ਸੀ ਕਿਉਂਕਿ ਚੰਦਰਯਾਨ-3 ਮਿਸ਼ਨ ਚੰਦਰਮਾ ਦੇ ਪੰਧ ਵਿਚ ਪਹੁੰਚ ਗਿਆ ਹੈ। ਹੁਣ ਚੰਦਰਯਾਨ ਪੁਲਾੜ ਯਾਨ ਨੇ ਚੰਦ ਦੇ ਚਾਰ ਚੱਕਰ ਲਗਾਉਣੇ ਹਨ ਅਤੇ ਫਿਰ ਇਹ ਸਤ੍ਹਾ ਦੇ ਨੇੜੇ ਪਹੁੰਚਣ ‘ਤੇ ਲੈਂਡਿੰਗ ਦੀ ਤਿਆਰੀ ਕਰੇਗਾ। ਚੰਦਰਯਾਨ 2 ਆਰਬਿਟਰ, ਜੋ ਕਿ ਅਜੇ ਵੀ ਚੰਦਰਮਾ ਦੇ ਦੁਆਲੇ ਚੱਕਰ ਵਿਚ ਹੈ, ਨੂੰ ਲੋੜ ਪੈਣ ‘ਤੇ ਬੈਕਅੱਪ ਰੀਲੇਅ ਵਜੋਂ ਵਰਤਿਆ ਜਾ ਸਕਦਾ ਹੈ। ਇਸਰੋ ਵੱਲ਼ੋਂ ਲੂਨਰ ਸਤ੍ਹਾ ‘ਤੇ 23 ਅਗਸਤ ਨੂੰ ਲੈਂਡਿੰਗ ਦੀ ਸੰਭਾਵਨਾ ਹੈ।
The Moon, as viewed by #Chandrayaan3 spacecraft during Lunar Orbit Insertion (LOI) on August 5, 2023.#ISRO pic.twitter.com/xQtVyLTu0c
— LVM3-M4/CHANDRAYAAN-3 MISSION (@chandrayaan_3) August 6, 2023