ਮਿਲਣ ਨਾ ਆਈ ਪ੍ਰੇਮਿਕਾ ਤਾਂ ਨੌਜਵਾਨ ਨੇ ਕਰ ਦਿੱਤਾ ਕਾਰਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮਿਲਣ ਨਾ ਆਈ ਪ੍ਰੇਮਿਕਾ ਤਾਂ ਨੌਜਵਾਨ ਨੇ ਕਰ ਦਿੱਤਾ ਕਾਰਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ


ਵੀਓਪੀ ਬਿਊਰੋ, ਜਲੰਧਰ : ਥਾਣਾ ਰਾਮਾ ਮੰਡੀ ਅਧੀਨ ਪੈਂਦੇ ਹਰਦੀਪ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਪ੍ਰੇਮਿਕਾ ਦੇ ਮਿਲਣ ਨਾ ਆਉਣ ਤੋਂ ਦੁਖੀ ਹੋ ਕੇ ਅਜਿਹਾ ਕਾਰਾ ਕਰ ਲਿਆ ਕਿ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਉਸ ਨੇ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਬਾਬੂ ਹਰਦੀਪ ਨਗਰ ਵਜੋਂ ਹੋਈ ਹੈ। ਇਸ ਦੀ ਸੂਚਨਾ ਉਨ੍ਹਾਂ ਇਲਾਕੇ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ।


ਘਟਨਾ ਸਬੰਧੀ ਗੁਰਪ੍ਰੀਤ ਦੀ ਭੈਣ ਚਰਨਜੀਤ ਕੌਰ ਨੂੰ ਉਦੋਂ ਪਤਾ ਲੱਗਾ ਜਦੋਂ ਉਹ ਉਸ ਨੂੰ ਬੁਲਾਉਣ ਗਈ ਤਾਂ ਉਹ ਮ੍ਰਿਤਕ ਹਾਲਤ ਵਿੱਚ ਮਿਲਿਆ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੀ ਭੈਣ ਚਰਨਜੀਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ। ਬੀਤੇ ਕੁਝ ਦਿਨਾਂ ਤੋਂ ਉਸ ਦੇ ਭਰਾ ਦਾ ਉਸ ਕੁੜੀ ਨਾਲ ਕੋਈ ਝਗੜਾ ਚੱਲ ਰਿਹਾ ਸੀ। ਐਤਵਾਰ ਉਕਤ ਕੁੜੀ ਨੇ ਉਸ ਦੇ ਭਰਾ ਨੂੰ ਕਿਧਰੇ ਮਿਲਣ ਲਈ ਬੁਲਾਇਆ ਸੀ। ਦੁਪਹਿਰ ਨੂੰ ਉਸ ਦਾ ਭਰਾ ਉਸ ਕੁੜੀ ਨੂੰ ਮਿਲਣ ਲਈ ਗਿਆ ਅਤੇ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਕਾਫ਼ੀ ਪ੍ਰੇਸ਼ਾਨ ਸੀ। ਉਸ ਦੇ ਭਰਾ ਨੇ ਦੱਸਿਆ ਕਿ ਉਕਤ ਕੁੜੀ ਉਸ ਨੂੰ ਮਿਲਣ ਲਈ ਨਹੀਂ ਆਈ।


ਇਸ ਤੋਂ ਬਾਅਦ ਗੁਰਪ੍ਰੀਤ ਆਪਣੇ ਕਮਰੇ ਵਿਚ ਚਲਿਆ ਗਿਆ। ਦੇਰ ਸ਼ਾਮ ਤੱਕ ਉਹ ਹੇਠਾਂ ਨਾ ਆਇਆ ਤਾਂ ਉਹ ਉਸ ਨੂੰ ਬੁਲਾਉਣ ਲਈ ਉਪਰ ਗਈ ਤਾਂ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸ ਦੇ ਭਰਾ ਮ੍ਰਿਤਕ ਹਾਲਤ ਵਿੱਚ ਸੀ। ਉਸ ਨੇ ਰੌਲਾ ਪਾ ਕੇ ਸਾਰੇ ਪਰਿਵਾਰ ਨੂੰ ਬੁਲਾਇਆ। ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਰੂਪ ਲਾਲ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਦੀ ਭੈਣ ਦੇ ਬਿਆਨ ਦਰਜ ਕਰ ਲਏ ਗਏ ਹਨ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!