ਜ਼ਮੀਨ ਵੇਚ ਕੇ ਕੈਨੇਡਾ ਭੇਜੀ ਕੁੜੀ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ, ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਜ਼ਮੀਨ ਵੇਚ ਕੇ ਕੈਨੇਡਾ ਭੇਜੀ ਕੁੜੀ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ, ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ


ਵੀਓਪੀ ਬਿਊਰੋ, ਮਹਿਲ ਕਲਾਂ/ਸ਼ੇਰਪੁਰ : ਆਈਲੈਟਸ ਕਰਨ ਉਪਰੰਤ ਇਕ ਏਕੜ ਜ਼ਮੀਨ ਵੇਚ ਕੇ ਕੈਨੇਡਾ ਭੇਜੀ ਧੀ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਇਸ ਖਬਰ ਸੁਣਦਿਆਂ ਹੀ ਮਾਪਿਆਂ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਗਈ ਹੋਵੇ। ਪਲਾਂ ਵਿਚ ਹੀ ਘਰ ਵਿਚ ਚੀਕ-ਚਿਹਾੜਾ ਮਚ ਗਿਆ। ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੇ ਹਾਲਾਤ ਜ਼ਿਆਦਾ ਵਧੀਆ ਨਹੀਂ ਹਨ ਇਸ ਲਈ ਧੀ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਮਦਦ ਕੀਤੀ ਜਾਵੇ।


ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਦੀ ਕੁੜੀ ਦੀ ਕੈਨੇਡਾ ‘ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਕੁੜੀ ਦੇ ਪਿਤਾ ਕੇਵਲ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਧੀ ਮਨਪ੍ਰੀਤ ਕੌਰ 22 ਸਾਲ ਨੂੰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਆਈਲੈਟਸ ਕਰਨ ਉਪਰੰਤ ਉੱਚ ਸਿੱਖਿਆ ਲਈ ਕੈਨੇਡਾ ਭੇਜਿਆ ਸੀ।


ਧੀ ਨੂੰ ਬਾਹਰ ਭੇਜਣ ਲਈ ਉਨ੍ਹਾਂ ਨੇ ਇੱਕ ਏਕੜ ਜ਼ਮੀਨ ਵੇਚੀ ਸੀ। ਉਨ੍ਹਾਂ ਨੂੰ ਬੁੱਧਵਾਰ ਸਵੇਰੇ 3 ਵਜੇ ਦੇ ਕਰੀਬ ਕੈਨੇਡਾ ਦੇ ਹਸਪਤਾਲ ‘ਚੋਂ ਸੂਚਨਾ ਮਿਲੀ ਕਿ ਉਨ੍ਹਾਂ ਦੀ ਧੀ ਦੀ ਸਾਹ ਰੁਕਣ ਕਾਰਨ ਮੌਤ ਹੋ ਗਈ ਹੈ। ਧੀ ਦੇ ਨਾਲ ਰਹਿ ਰਹੀ ਕੁੜੀ ਨੇ ਦੱਸਿਆ ਕਿ ਕੱਲ੍ਹ ਉਸ ਨੂੰ ਉਲਟੀ ਆਈ ਸੀ ਤੇ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ। ਪਿਤਾ ਮੁਤਾਬਕ ਸਹੇਲੀਆਂ ਨੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਪਰ ਕੁਝ ਸਮੇਂ ਬਾਅਦ ਉੱਥੇ ਉਸ ਦਾ ਸਾਹ ਰੁਕ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

error: Content is protected !!