ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਭਤੀਜੇ ਕੋਲੋਂ ਅਸਤੀਫ਼ਾ ਦਿਵਾ ਚੋਣ ਕਰਵਾਉਣ, ਮੈਂ ਖੁਦ ਲੜਾਂਗਾ ਅਬੋਹਰ ਤੋਂ

ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਭਤੀਜੇ ਕੋਲੋਂ ਅਸਤੀਫ਼ਾ ਦਿਵਾ ਚੋਣ ਕਰਵਾਉਣ, ਮੈਂ ਖੁਦ ਲੜਾਂਗਾ ਅਬੋਹਰ ਤੋਂ


ਵੀਓਪੀ ਬਿਊਰੋ, ਚੰਡੀਗੜ੍ਹ : ਜੇਕਰ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਸਲ ’ਚ ਸਿਧਾਂਤਵਾਦੀ ਹਨ ਤਾਂ ਆਪਣੇ ਭਤੀਜੇ ਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਤੋਂ ਅਸਤੀਫ਼ਾ ਦਿਵਾ ਕੇ ਚੋਣ ਕਰਵਾਉਣ। ਇਹ ਚੁਣੌਤੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਜੇਕਰ ਜਾਖੜ ਅਜਿਹਾ ਕਰਦੇ ਹਨ ਤਾਂ ਉਹ ਬਤੌਰ ਸੂਬਾ ਪ੍ਰਧਾਨ ਖ਼ੁਦ ਚੋਣ ਲੜਨਗੇ। ਇਸ ਚੋਣ ’ਚ ਜੇਕਰ ਉਹ ਹਾਰਨਗੇ ਤਾਂ ਮੰਨ ਜਾਣਗੇ ਕਿ ਅਸਲ ’ਚ ਅਬੋਹਰ ’ਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ। ਅਬੋਹਰ ’ਚ ਮੇਅਰ ਸਮੇਤ ਕਾਂਗਰਸ ਦੇ 49 ਕੌਂਸਲਰਾਂ ਦੇ ਭਾਜਪਾ ’ਚ ਜਾਣ ਦੇ ਸਬੰਧ ’ਚ ਵੜਿੰਗ ਨੇ ਕਿਹਾ ‘ਕੌਂਸਲਰ ਕੀ ਹੁੰਦੇ ਹਨ, ਉਨ੍ਹਾਂ ਨੂੰ ਟਿਕਟ ਵੀ ਤਾਂ ਜਾਖੜ ਨੇ ਹੀ ਦਿੱਤੀ ਸੀ।’


ਦੱਸਣਯੋਗ ਹੈ ਕਿ ਵੀਰਵਾਰ ਨੂੰ 49 ਕੌਂਸਲਰਾਂ ਨੂੰ ਭਾਜਪਾ ’ਚ ਸ਼ਾਮਲ ਕਰਦੇ ਸਮੇਂ ਸੁਨੀਲ ਜਾਖੜ ਨੇ ਦਾਅਵਾ ਕੀਤਾ ਸੀ ਕਿ ਅਬੋਹਰ ’ਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ। ਅਬੋਹਰ ’ਚ ਸਾਰੇ ਕੌਂਸਲਰਾਂ ਦਾ ਭਾਜਪਾ ’ਚ ਜਾਣਾ ਕਾਂਗਰਸ ਲਈ ਇਕ ਵੱਡਾ ਝਟਕਾ ਹੈ। ਜਦਕਿ ਵੜਿੰਗ ਨੇ ਪਲਟਵਾਰ ਕਰਦਿਆਂ ਕਿਹਾ ਕਿ ਜਾਖੜ ਖ਼ੁਦ ਨੂੰ ਸਿਧਾਂਤਵਾਦੀ ਨੇਤਾ ਦੱਸਦੇ ਰਹੇ ਹਨ। ਜਾਖੜ ਸਾਰੇ ਕੌਂਸਲਰਾਂ ਨੂੰ ਤਾਂ ਭਾਜਪਾ ’ਚ ਲੈ ਗਏ ਪਰ ਉਹ ਆਪਣੇ ਭਤੀਜੇ ਨੂੰ ਕਾਂਗਰਸ ’ਚ ਹੀ ਛੱਡ ਗਏ। ਜੇਕਰ ਜਾਖੜ ਅਸਲ ’ਚ ਸਿਧਾਂਤਵਾਦੀ ਨੇਤਾ ਹਨ ਤਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਬੇਟੇ ਕੁਲਦੀਪ ਬਿਸ਼ਨੋਈ ਵਾਂਗ ਆਪਣੇ ਭਤੀਜੇ ਤੋਂ ਅਸਤੀਫ਼ਾ ਦਿਵਾਉਣ। ਕੁਲਦੀਪ ਬਿਸ਼ਨੋਟੀ ਨੇ ਸਿਰਫ਼ ਇਸ ਲਈ ਅਸਤੀਫ਼ਾ ਦਿੱਤਾ ਸੀ ਕਿਉਂਕਿ ਉਹ ਕਾਂਗਰਸ ਤੋਂ ਜਿੱਤ ਕੇ ਆਏ ਸਨ। ਸੰਦੀਪ ਜਾਖੜ ਵੀ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ ਹਨ।

ਜਾਖੜ ਸੰਦੀਪ ਤੋਂ ਅਸਤੀਫ਼ਾ ਦਿਵਾਉਣ ਤੇ ਚੋਣ ਕਰਵਾਉਣ। ਇਸ ਚੋਣ ’ਚ ਬਤੌਰ ਸੂਬਾ ਪ੍ਰਧਾਨ ਉਹ ਖ਼ੁਦ ਖੜ੍ਹੇ ਹੋਣਗੇ। ਉਦੋਂ ਪਤਾ ਲੱਗੇਗਾ ਕਿ ਅਬੋਹਰ ’ਚ ਕਾਂਗਰਸ ਦਾ ਸਫ਼ਾਇਆ ਹੋਇਆ ਜਾਂ ਨਹੀਂ। ਵੜਿੰਗ ਨੇ ਕਿਹਾ ਕਿ ਜਾਖੜ ਅਜਿਹਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਹ ਹਾਰ ਨਾ ਜਾਣ। ਵੜਿੰਗ ਨੇ ਕਿਹਾ, ‘ਮੇਰੇ ਲਈ ਸੰਦੀਪ ਜਾਖੜ ਨੂੰ ਪਾਰਟੀ ’ਚੋਂ ਕੱਢਣਾ ਕੋਈ ਮੁਸ਼ਕਲ ਨਹੀਂ ਹੈ। ਉਹ ਕਲ੍ਹ ਵੀ ਅਜਿਹਾ ਕਰ ਸਕਦੇ ਹਨ ਪਰ ਉਹ ਪਹਿਲਾਂ ਦੇਖਣਾ ਚਾਹੁੰਦੇ ਹਨ ਕਿ ਜਾਖੜ ਕੀ ਕਦਮ ਚੁੱਕਦੇ ਹਨ।’

error: Content is protected !!