ਸੂਏ ਵਿਚ ਡੁਬੋ ਕੇ ਕਲਯੁਗੀ ਪਿਤਾ ਨੇ ਹੀ ਮਾਰ’ਤਾ ਤਿੰਨ ਸਾਲਾ ਮਾਸੂਮ, ਪੁਲਿਸ ਨੂੰ ਗੁਮਰਾਹ ਕਰਨ ਲਈ ਰਚੀ ਸੀ ਅਗਵਾ ਹੋਣ ਦੀ ਕਹਾਣੀ

ਸੂਏ ਵਿਚ ਡੁਬੋ ਕੇ ਕਲਯੁਗੀ ਪਿਤਾ ਨੇ ਹੀ ਮਾਰ’ਤਾ ਤਿੰਨ ਸਾਲਾ ਮਾਸੂਮ, ਪੁਲਿਸ ਨੂੰ ਗੁਮਰਾਹ ਕਰਨ ਲਈ ਰਚੀ ਸੀ ਅਗਵਾ ਹੋਣ ਦੀ ਕਹਾਣੀ


ਵੀਓਪੀ ਬਿਊਰੋ, ਤਰਨਤਾਰਨ : ਅਟਾਰੀ-ਕਪੂਰਥਲਾ ਰੋਡ ’ਤੇ ਸਥਿਤ ਪਿੰਡ ਰਸਿਆਣਾ ਦੇ ਵਸਨੀਕ ਤਿੰਨ ਸਾਲਾ ਬੱਚੇ ਦੇ ਅਗਵਾ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਕਲਯੁਗੀ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਤਿੰਨ ਸਾਲਾ ਮਾਸੂਮ ਪੁੱਤਰ ਨੂੰ ਪਾਣੀ ਦੇ ਸੂਏ ’ਚ ਡੋਬ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਪੁਲਿਸ ਨੂੰ ਗੁਮਰਾਹ ਕਰਨ ਲਈ ਝੂਠੀ ਬੱਚੇ ਦੇ ਅਗਵਾ ਹੋਣ ਦੀ ਕਹਾਣੀ ਰਚੀ। ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਮਾਸੂਮ ਦੀ ਲਾਸ਼ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਦੱਸ ਦੇਈਏ ਕਿ ਐਤਵਾਰ ਸ਼ਾਮ ਅੰਗਰੇਜ਼ ਸਿੰਘ ਨੇ ਆਪਣੇ ਲੜਕੇ ਦੇ ਅਗਵਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਐਤਵਾਰ ਸ਼ਾਮ ਨੂੰ ਪਿੰਡ ਵਿਸ ਹਲਕਾ ਖਡੂਰ ਸਾਹਿਬ ਦੇ ਵਸਨੀਕ 44 ਸਾਲਾ ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਬਿਆਨ ਦਰਜ ਕਰਵਾਏ। ਜਿਸ ਤਹਿਤ ਪੁਲਿਸ ਨੇ ਮਾਸੂਮ ਗੁਰਸੇਵਕ ਸਿੰਘ ਦੇ ਅਗਵਾ ਹੋਣ ਸਬੰਧੀ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਐੱਫਆਈਆਰ ਦਰਜ ਕੀਤੀ ਸੀ। ਐਫਆਈਆਰ ਦਰਜ ਕਰਵਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਉਹ ਐਤਵਾਰ ਸ਼ਾਮ ਨੂੰ ਸੀਟੀ 100 ਮੋਟਰਸਾਈਕਲ ਪੀਬੀ 08 5829 ‘ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਪਿੰਡ ਬਿਲੀਆਂ ਵਾਲਾ ਜਾ ਰਿਹਾ ਸੀ। ਪਿੱਛਾ ਕਰ ਰਹੀ ਕਾਰ ਫਤਿਹਾਬਾਦ ਰੋਡ ‘ਤੇ ਪੁਲਿਸ ਚੌਕੀ ਡੇਹਰਾ ਸਾਹਿਬ ਨੇੜੇ ਆ ਗਈ। ਜਿਸ ਦੌਰਾਨ ਕਾਰ ਵਿੱਚੋਂ ਦੋ ਸਿੱਖ ਅਤੇ ਇੱਕ ਮੋਨਾ ਵਿਅਕਤੀ ਬਾਹਰ ਆ ਗਏ। ਮੁਲਜ਼ਮਾਂ ਨੇ ਅੰਗਰੇਜ਼ ਸਿੰਘ ਦੀ ਕੁੱਟਮਾਰ ਕਰਕੇ ਉਸ ਦੀ ਜੇਬ ’ਚੋਂ 300 ਰੁਪਏ ਕੱਢ ਲਏ। ਫਿਰ ਉਕਤ ਵਿਅਕਤੀ ਦੇ ਕਹਿਣ ‘ਤੇ ਉਸ ਦੇ ਲੜਕੇ ਗੁਰਸੇਵਕ ਸਿੰਘ ਨੂੰ ਅੰਗਰੇਜ਼ ਸਿੰਘ ਤੋਂ ਖੋਹ ਕੇ ਫਰਾਰ ਹੋ ਗਿਆ। ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਜ ਐਫਆਈਆਰ ਦੀ ਜਾਂਚ ਡੀਐਸਪੀ ਇਨਵੈਸਟੀਗੇਸ਼ਨ ਅਰੁਣ ਸ਼ਰਮਾ ਨੂੰ ਸੌਂਪੀ ਗਈ ਹੈ। ਸੋਮਵਾਰ ਦੁਪਹਿਰ ਜਦੋਂ ਅੰਗਰੇਜ਼ ਸਿੰਘ ਨੂੰ ਜਾਂਚ ਲਈ ਮੌਕੇ ‘ਤੇ ਬੁਲਾਇਆ ਗਿਆ ਤਾਂ ਉਸ ਦੀ ਜ਼ੁਬਾਨ ਕੰਬਣ ਲੱਗੀ। ਜਾਂਚ ਦੌਰਾਨ ਬਿਆਨ ਬਦਲਦੇ ਹੋਏ ਉਸ ਨੇ ਕਿਹਾ ਕਿ ਮਾਸੂਮ ਨੂੰ ਪਿੰਡ ਢੋਟੀਆਂ ਦੇ ਰਸਤੇ ‘ਚ ਅਗਵਾ ਕਰ ਲਿਆ ਗਿਆ।


ਇਸ ਦੌਰਾਨ ਪੁਲਿਸ ਵੱਲੋਂ ਗੁਰਸੇਵਕ ਸਿੰਘ ਦੇ ਮੋਬਾਈਲ ਕਾਲ ਦੀ ਲੋਕੇਸ਼ਨ ਟਰੇਸ ਕੀਤੀ ਗਈ। ਜਿਸ ਦੌਰਾਨ ਐਸਐਸਪੀ ਗੁਰਮੀਤ ਸਿੰਘ ਚੌਹਾਨ ਮੌਕੇ ’ਤੇ ਪੁੱਜੇ ਅਤੇ ਅੰਗਰੇਜ਼ ਸਿੰਘ ਤੋਂ ਪੁੱਛਗਿੱਛ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਆਪਣੇ 3 ਸਾਲਾ ਮਾਸੂਮ ਪੁੱਤਰ ਨੂੰ ਪਾਣੀ ਦੇ ਸੂਏ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਪੁਲਿਸ ਨੂੰ ਗੁਮਰਾਹ ਕਰਕੇ ਝੂਠੀ ਐਫਆਈਆਰ ਦਰਜ ਕਰਵਾਈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਮਾਸੂਮ ਦੇ ਕਤਲ ਦਾ ਕਾਰਨ ਕੀ ਹੈ।
ਅੰਗਰੇਜ਼ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਕੇ ਮਾਸੂਮ ਦੀ ਲਾਸ਼ ਦੀ ਭਾਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਸਾਹਮਣੇ ਰੱਖੀ ਜਾਵੇਗੀ।

error: Content is protected !!