ਇਕ ਏਟੀਐਮ ਨੂੰ ਕੱਟ ਕੇ ਕੱਢ ਲਏ 15 ਲੱਖ ਰੁਪਏ, ਦੂਜੇ ਨੂੰ ਕੱਟਣ ਲੱਗੇ ਤਾਂ ਪਹੁੰਚ ਗਈ ਪੁਲਿਸ, ਝਕਾਨੀ ਦੇ ਕੇ ਹੋਏ ਫ਼ੁਰਰ

ਇਕ ਏਟੀਐਮ ਨੂੰ ਕੱਟ ਕੇ ਕੱਢ ਲਏ 15 ਲੱਖ ਰੁਪਏ, ਦੂਜੇ ਨੂੰ ਕੱਟਣ ਲੱਗੇ ਤਾਂ ਪਹੁੰਚ ਗਈ ਪੁਲਿਸ, ਝਕਾਨੀ ਦੇ ਕੇ ਹੋਏ ਫ਼ੁਰਰ


ਵੀਓਪੀ ਬਿਊਰੋ, ਬਠਿੰਡਾ : ਜ਼ਿਲ੍ਹੇ ’ਚ ਕਾਰ ਸਵਾਰ ਲੁਟੇਰਿਆਂ ਨੇ ਇਕ ਘੰਟੇ ’ਚ ਏਟੀਐਮ ਲੁੱਟਣ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ। ਇਕ ਏਟੀਐਮ ਕੱਟ ਕੇ ਮੁਲਜ਼ਮ 15 ਲੱਖ ਰੁਪਏ ਲੈ ਗਏ ਜਦਕਿ ਦੂਜਾ ਏਟੀਐਮ ਕੱਟਣ ਵਿਚ ਨਾਕਾਮ ਰਹੇ ਤੇ ਫਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਨੇ ਸ਼ਹਿਰ ਨੂੰ ਸੀਲ ਕਰ ਕੇ ਲੁਟੇਰਿਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਵਾਰਦਾਤ ਵਾਲੀਆਂ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਸਕੇ।


ਜਾਣਕਾਰੀ ਅਨੁਸਾਰ ਵੀਰਵਾਰ ਤੜਕਸਾਰ ਦੋ ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਨਾਰਥ ਸਟੇਟ ਟੀ-ਪੁਆਇੰਟ ’ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਤੋੜ ਕੇ 15,30,000 ਦੀ ਨਕਦੀ ਲੁੱਟ ਲਈ। ਇਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਸੌ ਫੁੱਟੀ ਰੋਡ ’ਤੇ ਸਥਿਤ ਐੱਸਬੀਆਈ ਦੇ ਦੂਸਰੇ ਏਟੀਐੱਮ ਨੂੰ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਸੂਚਨਾ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਵਿਚ ਤੈਨਾਤ ਡਿਊਟੀ ਅਫਸਰ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਅਤੇ ਹੌਲਦਾਰ ਯਾਦਵਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ। ਪੁਲਿਸ ਨੂੰ ਦੇਖ ਕੇ ਲੁਟੇਰੇ ਕਾਰ ਵਿਚ ਬੈਠ ਕੇ ਫ਼ਰਾਰ ਹੋ ਗਏ। ਪੁਲਿਸ ਮੁਲਾਜ਼ਮਾਂ ਵੱਲੋਂ ਲੁਟੇਰਿਆਂ ਦੀ ਕਾਰ ਦਾ ਪਿੱਛਾ ਵੀ ਕੀਤਾ ਗਿਆ ਪਰ ਮੁਲਜ਼ਮ ਪੁਲਿਸ ਨੂੰ ਝਕਾਨੀ ਦੇ ਕੇ ਭੱਜ ਗਏ।

error: Content is protected !!