ਸ਼ਰਾਬ ਪੀਣ ਨਾਲ ਵਿਅਕਤੀ ਦੀ ਹੋਈ ਮੌਤ, ਭੜਕੇ ਪਿੰਡ ਵਾਲਿਆਂ ਨੇ ਠੇਕਾ ਫੂਕ ਦਿੱਤਾ

ਸ਼ਰਾਬ ਪੀਣ ਨਾਲ ਵਿਅਕਤੀ ਦੀ ਹੋਈ ਮੌਤ, ਭੜਕੇ ਪਿੰਡ ਵਾਲਿਆਂ ਨੇ ਠੇਕਾ ਫੂਕ ਦਿੱਤਾ


ਵੀਓਪੀ ਬਿਊਰੋ, ਬਨੂੜ- ਥਾਣਾ ਬਨੂੜ ਅਧੀਨ ਪਿੰਡ ਜਾਂਸਲੀ ਵਿਖੇ ਸ਼ਰਾਬ ਪੀਣ ਨਾਲ ਇਕ 40 ਸਾਲਾ ਵਿਅਕਤੀ ਦੀ ਮੌਤ ਹੋਣ ਉਤੇ ਭੜਕੇ ਪਿੰਡ ਵਾਸੀਆਂ ਨੇ ਠੇਕੇ ਨੂੰ ਅੱਗ ਲਾ ਦਿੱਤੀ। ਭਡ਼ਕੇ ਪਿੰਡ ਵਾਸੀ ਜਿਨ੍ਹਾਂ ’ਚ ਵੱਡੀ ਗਿਣਤੀ ’ਚ ਮਹਿਲਾਵਾਂ ਸ਼ਾਮਲ ਸਨ, ਦਾ ਕਹਿਣਾ ਸੀ ਕਿ ਇਸ ਠੇਕੇਦਾਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਵੇਚੀ ਜਾਂਦੀ ਹੈ, ਜਿਸ ਨਾਲ ਪਹਿਲਾਂ ਵੀ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਸ਼ਿਕਾਇਤਾਂ ਦੇਣ ਦੇ ਬਾਵਜੂਦ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ।ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਰਣਜੀਤ ਚੰਦ ਪੁੱਤਰ ਸ਼ੇਰੂ ਰਾਮ (40) ਵਾਸੀ ਪਿੰਡ ਜਾਂਸਲੀ, ਜੋ ਕਿ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਅੱਜ ਸਵੇਰੇ 10 ਵਜੇ ਦੇ ਕਰੀਬ ਉਹ ਪਿੰਡ ਦੇ ਠੇਕੇ ’ਤੇ ਸ਼ਰਾਬ ਪੀਣ ਗਿਆ ਤਾਂ ਉੱਥੇ ਹੀ ਡਿੱਗ ਗਿਆ। ਉਸ ਨੂੰ ਰਾਹਗੀਰ ਚੁੱਕ ਕੇ ਘਰ ਛੱਡ ਗਏ। ਪਰਿਵਾਰ ਨੇ ਸੋਚਿਆ ਸ਼ਰਾਬ ਦੇ ਨਸ਼ੇ ’ਚ ਹੋਣ ਕਾਰਨ ਬੇਸੁੱਧ ਪਿਆ ਹੈ। ਜਦੋਂ ਕਾਫੀ ਸਮੇਂ ਤੱਕ ਉਹ ਨਾ ਉੱਠਿਆ ਤਾਂ ਪਰਿਵਾਰ ਘਬਰਾ ਗਿਆ। ਉਨ੍ਹਾਂ ਨੇ ਨੇੜੇ ਦੇ ਡਾਕਟਰ ਨੂੰ ਵਿਖਾਇਆ ਤਾਂ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।


ਰਣਜੀਤ ਚੰਦ ਦੀ ਮੌਤ ਤੋਂ ਪਿੰਡ ਵਾਸੀ ਭੜਕ ਗਏ। ਵੱਡੀ ਗਿਣਤੀ ’ਚ ਔਰਤਾਂ ਸਮੇਤ ਪਿੰਡ ਵਾਸੀਆਂ ਨੇ ਪਹਿਲਾਂ ਠੇਕੇ ਦੀ ਭੰਨ੍ਹਤੋੜ ਕੀਤੀ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਵਿਖਾਵਾਕਾਰੀ ਔਰਤਾਂ ਜਿਨ੍ਹਾਂ ’ਚ ਈਸ਼ਵਰ ਬਾਈ, ਰਾਮ ਬਾਈ, ਦਰਸ਼ਨਾ ਰਾਣੀ, ਗੀਤਾ ਰਾਣੀ, ਸ਼ੀਲਾ ਦੇਵੀ, ਸਿਮਰਨ, ਸੰਤੋਸ਼ ਰਾਣੀ, ਕਮਲਦੀਪ, ਨਿਰਮਲਾ ਰਾਣੀ, ਧੰਨੋਂ ਰਾਣੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਨਾਜਾਇਜ਼ ਠੇਕਾ ਖੁੱਲ੍ਹਿਆ ਹੋਇਆ ਹੈ। ਇਥੋਂ ਸ਼ਰਾਬ ਪੀਣ ਨਾਲ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਸਨ, ਨੂੰ ਵੇਖਦੇ ਹੋਏ ਪਿੰਡ ਪੰਚਾਇਤ ਨੇ ਮਤਾ ਪਾ ਕੇ ਠੇਕਾ ਬੰਦ ਕਰਵਾ ਦਿੱਤਾ ਸੀ ਪਰ ਇਸ ਵਾਰ ਫਿਰ ਠੇਕੇਦਾਰਾਂ ਨੇ ਪੁਲਸ ਨਾਲ ਗੰਢ-ਤੁੱਪ ਕਰ ਕੇ ਠੇਕਾ ਖੋਲ੍ਹ ਲਿਆ।
ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਸਮੇਤ ਹਲਕਾ ਵਿਧਾਇਕ ਨੂੰ ਨਾਜਾਇਜ਼ ਖੋਲ੍ਹੇ ਗਏ ਠੇਕੇ ਨੂੰ ਬੰਦ ਕਰਵਾਉਣ ਲਈ ਸ਼ਿਕਾਇਤ ਦਿੱਤੀ ਗਈ ਪਰ ਪਿੰਡ ਵਾਸੀਆਂ ਦੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ। ਅੱਜ ਮੁੜ ਇਸੇ ਠੇਕੇ ਕਾਰਨ ਇਕ ਹੋਰ ਪਰਿਵਾਰ ਉਜੜ ਗਿਆ।

error: Content is protected !!