ਕੈਨੇਡਾ ਰਹਿੰਦੇ ਭਰਾ ਨੂੰ ਵੀਡੀਓ ਭੇਜ ਕੇ ਦੱਸੀ ਕਾਰ ਬਾਜ਼ਾਰ ਮਾਲਕ ਦੀ ਕਰਤੂਤ, ਫਿਰ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਕੈਨੇਡਾ ਰਹਿੰਦੇ ਭਰਾ ਨੂੰ ਵੀਡੀਓ ਭੇਜ ਕੇ ਦੱਸੀ ਕਾਰ ਬਾਜ਼ਾਰ ਮਾਲਕ ਦੀ ਕਰਤੂਤ, ਫਿਰ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ


ਵੀਓਪੀ ਬਿਊਰੋ, ਲੁਧਿਆਣਾ- ਕਾਰ ਬਾਜ਼ਾਰ ਦੇ ਮਾਲਕ ਤੋਂ ਪਰੇਸ਼ਾਨ ਹੋਏ ਨੌਜਵਾਨ ਨੇ ਕੈਨੇਡਾ ਰਹਿੰਦੇ ਭਰਾ ਨੂੰ ਵੀਡੀਓ ਭੇਜ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਹ ਨੌਜਵਾਨ ਜੀਕੇ ਅਸਟੇਟ ਦਾ ਰਹਿਣ ਵਾਲਾ ਸੀ। ਮ੍ਰਿਤਕ ਦਾ ਨਾਂ ਡਿੰਪਲ ਆਹੂਜਾ ਉਰਫ ਸ਼ੈਂਕੀ (32) ਹੈ ਪਰ ਮਰਨ ਤੋਂ ਪਹਿਲਾਂ ਉਸ ਨੇ ਮੋਬਾਇਲ ’ਤੇ ਇਕ ਵੀਡੀਓ ਬਣਾਈ ਤੇ ਕੈਨੇਡਾ ਬੈਠੇ ਆਪਣੇ ਛੋਟੇ ਭਰਾ ਦੇ ਵ੍ਹਟਸਐਪ ’ਤੇ ਭੇਜ ਦਿੱਤੀ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਚੰਡੀਗੜ੍ਹ ਰੋਡ ਸਥਿਤ ਜੀਵਨ ਨਗਰ ਕਾਰ ਬਾਜ਼ਾਰ ਦੇ ਮਾਲਕ ਨੂੰ ਠਹਿਰਾਇਆ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਥਾਣਾ ਟਿੱਬਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਕੰਚਨ ਆਹੂਜਾ ਦੀ ਸ਼ਿਕਾਇਤ ’ਤੇ ਮੁਲਜ਼ਮ ਜੀਵਨ ਕਾਰ ਬਾਜ਼ਾਰ ਦੇ ਮਾਲਕ ’ਤੇ ਪਰਚਾ ਦਰਜ ਕੀਤਾ ਹੈ। ਹਾਲਾਂਕਿ ਅਜੇ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਪੁਲਿਸ ਸ਼ਿਕਾਇਤ ਵਿਚ ਕੰਚਨ ਆਹੂਜਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਦੋ ਬੇਟੇ ਹਨ, ਛੋਟਾ ਵਿਦੇਸ਼ ਵਿਚ ਪੜ੍ਹਣ ਗਿਆ ਹੈ ਜਦਕਿ ਵੱਡਾ ਬੇਟਾ ਡਿੰਪਲ ਉਸ ਦੇ ਨਾਲ ਰਹਿੰਦਾ ਹੈ। ਕੁਝ ਦਿਨਾਂ ਤੋਂ ਉਸ ਦਾ ਵੱਡਾ ਬੇਟਾ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਦੋ ਦਿਨ ਪਹਿਲਾਂ ਅਚਾਨਕ ਉਸ ਦੀ ਸਿਹਤ ਵਿਗੜ ਗਈ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਸ ਦੇ ਬੇਟੇ ਨੇ ਜ਼ਹਿਰੀਲੀ ਚੀਜ਼ ਨਿਗਲੀ ਹੈ।


ਕੰਚਨ ਨੇ ਅੱਗੇ ਦੱਸਿਆ ਕਿ 19 ਅਗਸਤ ਨੂੰ ਕੈਨੇਡਾ ਵਿਚ ਰਹਿੰਦੇ ਉਸ ਦੇ ਛੋਟੇ ਬੇਟੇ ਗੋਪਾਲ ਦੀ ਕਾਲ ਆਈ ਕਿ ਉਸ ਦੇ ਵ੍ਹਟਸਐਪ ’ਤੇ ਵੱਡੇ ਭਰਾ ਨੇ ਇਕ ਵੀਡੀਓ ਭੇਜੀ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਜੀਵਨ ਕਾਰ ਬਾਜ਼ਾਰ ਵਾਲੇ ਨੇ ਉਸ ਨੂੰ ਨਸ਼ਾ ਕਰਵਾ ਕੇ ਕੁਝ ਪੈਸੇ ਦੇ ਕੇ ਉਸ ਦੀ ਕਾਰ ਵੇਚਣ ਸਬੰਧੀ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਲਏ ਹਨ ਅਤੇ ਉਸ ਦੀ ਕਾਰ ਖੋਹ ਲਈ ਹੈ। ਉਸ ਨੇ ਵੀਡੀਓ ਵਿਚ ਸਾਫ ਕਿਹਾ ਕਿ ਉਹ ਜੀਵਨ ਨਗਰ ਕਾਰ ਬਾਜ਼ਾਰ ਦੇ ਮਾਲਕ ਕਾਰਨ ਸੁਸਾਈਡ ਕਰ ਰਿਹਾ ਹੈ। ਉਸ ਦੀ ਮੌਤ ਦਾ ਜ਼ਿੰਮੇਵਾਰ ਉਕਤ ਮੁਲਜ਼ਮ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਦਿੱਤਾ ਹੈ। ਗ੍ਰਿਫ਼ਤਾਰੀ ਲਈ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!