ਧਰਨੇ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਜਬਰਦਸਤ ਝੜਪ, ਇਕ ਕਿਸਾਨ ਦੀ ਮੌਤ, ਬੱਚਿਆਂ ਤੇ ਔਰਤਾਂ ਉਤੇ ਵੀ ਨਾ ਕੀਤਾ ਰਹਿਮ, ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

ਧਰਨੇ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਜਬਰਦਸਤ ਝੜਪ, ਇਕ ਕਿਸਾਨ ਦੀ ਮੌਤ, ਬੱਚਿਆਂ ਤੇ ਔਰਤਾਂ ਉਤੇ ਵੀ ਨਾ ਕੀਤਾ ਰਹਿਮ, ਪੁਲਿਸ ਮੁਲਾਜ਼ਮ ਵੀ ਹੋਏ ਫੱਟੜ


ਵੀਓਪੀ ਬਿਊਰੋ, ਲੌਂਗੋਵਾਲ-ਆਮ ਆਦਮੀ ਪਾਰਟੀ ਉਤੇ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਵਾਅਦਾ ਸੱਤਾ ਵਿੱਚ ਆਉਣ ਮਗਰੋਂ ਨਾ ਨਿਭਾਉਣ ਦਾ ਦੋਸ਼ ਲਾਉਂਦੇ ਹੋਏ ਕਿਸਾਨ ਮੁੜ ਸੜਕਾਂ ‘ਤੇ ਉੱਤਰ ਆ ਗਏ ਹਨ। ਉਧਰ, ਭਗਵੰਤ ਮਾਨ ਸਰਕਾਰ ਵੀ ਹੁਣ ਕਿਸਾਨਾਂ ਖਿਲਾਫ ਪੁਲਿਸ ਬਲ ਵਰਤਣ ਲੱਗੀ ਹੈ।


ਸੋਮਵਾਰ ਨੂੰ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਦੀ ਸਥਿਤੀ ਉਸ ਵੇਲੇ ਪੈਦਾ ਹੋਈ ਜਦੋਂ 16 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ’ਚ ਦਿੱਤੇ ਜਾਣ ਵਾਲੇ ਧਰਨੇ ਦੇ ਮੱਦੇਨਜ਼ਰ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਹਿਰਾਸਤ ’ਚ ਲੈ ਲਿਆ। ਇਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਬਡਬਰ ਰੋਡ ’ਤੇ ਧਰਨਾ ਦਿੱਤਾ ਜਾ ਰਿਹਾ ਸੀ। ਕਿਸਾਨਾਂ ਮੁਤਾਬਕ ਜਦੋਂ ਉਹ ਬਡਬਰ ਟੋਲ ਪਲਾਜ਼ੇ ਵੱਲ ਜਾਣ ਲਈ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਬੈਰੀਕੇਡਾਂ ’ਤੇ ਉਨ੍ਹਾਂ ਨੂੰ ਰੋਕਦਿਆਂ ਔਰਤਾਂ ਤੇ ਕਿਸਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਤੇ ਗਾਲ੍ਹਾਂ ਕੱਢੀਆਂ।
ਉਨ੍ਹਾਂ ਬੀਬੀਆਂ ਵਾਲੀਆਂ ਬੱਸਾਂ ਦੇ ਸ਼ੀਸ਼ੇ ਵੀ ਭੰਨ੍ਹ ਦਿੱਤੇ। ਇਸ ਦੌਰਾਨ ਕਿਸਾਨਾਂ ਨੇ ਪੁਲਿਸ ਦੀ ਧੱਕੇਸ਼ਾਹੀ ਤੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਕੁਝ ਔਰਤਾਂ ਤੇ ਨੌਜਵਾਨਾਂ ਨੂੰ ਧੱਕੇ ਨਾਲ ਥਾਣੇ ਅੰਦਰ ਬੰਦ ਕਰ ਕੇ ਰੱਖਿਆ ਹੈ।


ਲੌਂਗੋਵਾਲ ਵਿੱਚ ਧਰਨਾ ਦੇ ਰਹੇ ਕਿਸਾਨਾਂ ਤੇ ਪੁਲਿਸ ਦਰਮਿਆਨ ਹੋਈ ਝੜਪ ਦੌਰਾਨ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ, ਜਦਕਿ ਇੱਕ ਇੰਸਪੈਕਟਰ ਸਮੇਤ ਕਈ ਹੋਰ ਵਿਅਕਤੀ ਫੱਟੜ ਹੋ ਗਏ। ਜ਼ਖ਼ਮੀ ਹੋਏ ਇੰਸਪੈਕਟਰ ਦੀਪਇੰਦਰ ਸਿੰਘ ਜੇਜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਦੋਂ ਕਿਸਾਨ ਪ੍ਰੀਤਮ ਸਿੰਘ ਪੁੱਤਰ ਰੂਪ ਸਿੰਘ ਵਾਸੀ ਮੰਡੇਰ ਕਲਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿਚ ਦਮ ਤੋੜ ਦਿੱਤਾ।
ਜ਼ਖ਼ਮੀ ਹੋਇਆ ਇੱਕ ਹੋਰ ਕਿਸਾਨ ਗੁਰਜੰਟ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ। ਝੜਪ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ। ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਕਿਸਾਨਾਂ ਨੇ ਲੌਂਗੋਵਾਲ ਥਾਣੇ ਅੱਗੇ ਸੁਨਾਮ-ਬਰਨਾਲਾ ਰੋਡ ’ਤੇ ਪੱਕਾ ਮੋਰਚਾ ਆਰੰਭ ਕਰ ਦਿੱਤਾ। ਝੜਪਾਂ ਲਈ ਪੁਲਿਸ ਤੇ ਕਿਸਾਨ ਇੱਕ-ਦੂਜੇ ਨੂੰ ਦੋਸ਼ੀ ਠਹਿਰਾ ਰਹੇ ਹਨ।

error: Content is protected !!