ਬੰਬੀਹਾ ਗੈਂਗ ਦਾ ਸ਼ੂਟਰ ਸਿੰਮੀ ਆਇਆ ਪੁਲਿਸ ਦੇ ਹੱਥ, ਪਿਸਟਲ ਤੇ ਕਾਰਤੂਸ ਦੀ ਡਿਲੀਵਰੀ ਦੇਣ ਦੀ ਕਰ ਰਿਹਾ ਸੀ ਤਿਆਰੀ

ਬੰਬੀਹਾ ਗੈਂਗ ਦਾ ਸ਼ੂਟਰ ਸਿੰਮੀ ਆਇਆ ਪੁਲਿਸ ਦੇ ਹੱਥ, ਪਿਸਟਲ ਤੇ ਕਾਰਤੂਸ ਦੀ ਡਿਲੀਵਰੀ ਦੇਣ ਦੀ ਕਰ ਰਿਹਾ ਸੀ ਤਿਆਰੀ

ਮੁਹਾਲੀ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ (ਮੁਹਾਲੀ) ਨੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਹਥਿਆਰਾਂ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਸਕਰ ਕੋਲੋਂ 30 ਬੋਰ ਦਾ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਜਿਸ ਦੀ ਡਿਲੀਵਰੀ ਲਈ ਮੁਲਜ਼ਮ ਜਾ ਰਿਹਾ ਸੀ।

ਫੜੇ ਗਏ ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਸਿੰਮੀ (25) ਵਾਸੀ ਪਿੰਡ ਸਮਰਾਲਾ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹੋਰ ਰਾਜਾਂ ਵਿੱਚ ਕਈ ਕੇਸ ਦਰਜ ਹਨ। ਮੁਲਜ਼ਮ ਥਾਣਾ ਸਮਰਾਲਾ ਅਧੀਨ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ।

ਵਧੇਰੇ ਜਾਣਕਾਰੀ ਦਿੰਦੇ ਹੋਏ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ਐਸਐਸਓਸੀ ਮੁਹਾਲੀ ਦੀਆਂ ਟੀਮਾਂ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਮੁਲਜ਼ਮ ਸਿਮਰਨਜੀਤ ਸਿੰਮੀ ਨੂੰ ਮੁਹਾਲੀ ਦੇ ਦਾਰਾ ਸਟੂਡੀਓ ਨੇੜੇ ਕਾਬੂ ਕੀਤਾ ਗਿਆ। ਮੁਲਜ਼ਮ ਆਪਣੇ ਇੱਕ ਸਾਥੀ ਨੂੰ ਹਥਿਆਰਾਂ ਦੀ ਖੇਪ ਪਹੁੰਚਾਉਣ ਲਈ ਪਟਿਆਲਾ ਤੋਂ ਮੁਹਾਲੀ ਪਹੁੰਚਿਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਿਮਰਨਜੀਤ ਸਿੰਮੀ ਬੰਬੀਹਾ ਗਰੋਹ ਦੇ ਸਰਗਰਮ ਮੈਂਬਰ ਜਸਵਿੰਦਰ ਸਿੰਘ ਉਰਫ਼ ਖੱਟੂ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਾ ਸੀ। ਜਸਵਿੰਦਰ ਖੱਟੂ ਉਹੀ ਮੁਲਜ਼ਮ ਹੈ ਜੋ ਹਾਲ ਹੀ ਵਿੱਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ ਅਤੇ ਜਾਅਲੀ ਪਛਾਣ ਅਤੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪਾਸਪੋਰਟ ਬਣਾ ਕੇ ਭਾਰਤ ਤੋਂ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਐਸਐਸਓਸੀ ਮੁਹਾਲੀ ਵਿੱਚ ਆਈਪੀਸੀ ਦੀ ਧਾਰਾ 25, 25 (7), 25 (8) ਅਸਲਾ ਐਕਟ ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।

error: Content is protected !!