ਅਗਲੇ ਤਿੰਨ ਦਿਨਾਂ ਤਕ ਭਾਰੀ ਮੀਂਹ ਦੀ ਸੰਭਾਵਨਾ, ਵੱਧ ਸਕਦੈ ਹੜ੍ਹਾਂ ਦਾ ਖਤਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਅਗਲੇ ਤਿੰਨ ਦਿਨਾਂ ਤਕ ਭਾਰੀ ਮੀਂਹ ਦੀ ਸੰਭਾਵਨਾ, ਵੱਧ ਸਕਦੈ ਹੜ੍ਹਾਂ ਦਾ ਖਤਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ


ਵੀਓਪੀ ਬਿਊਰੋ, ਚੰਡੀਗੜ੍ਹ : ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਗਲੇ 3 ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਦੂਜੇ ਪਾਸੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਦਾ ਪੱਧਰ ਵਧਣ ਦਾ ਖਤਰਾ ਵੀ ਹੈ।


ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ 12-13 ਜ਼ਿਲ੍ਹਿਆਂ ਵਿਚ 23 ਤੋਂ 25 ਅਗਸਤ ਤਕ ਤੇਜ਼ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਉਥੇ ਹੀ ਇਸੇ ਵਿਚਕਾਰ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਆਸਾਰ ਹਨ। ਪੰਜਾਬ ਵਿਚ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ ਹੋਇਆ ਹੈ। ਅਜਿਹੇ ਵਿਚ ਭਾਰੀ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਹੋਰ ਵਧਣ ਦਾ ਖਤਰਾ ਮੰਡਰਾ ਰਿਹਾ ਹੈ। ਉਧਰ ਚੰਡੀਗੜ੍ਹ-ਪੰਚਕੂਲਾ ਸਮੇਤ ਹਰਿਆਣਾ ਦੇ ਕਈ ਇਲਾਕਿਆਂ ‘ਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਜਾਰੀ ਹੈ। ਭਾਰੀ ਮੀਂਹ ਕਾਰਨ ਸੜਕਾਂ ਵਿਚ ਪਾਣੀ ਭਰ ਗਿਆ ਹੈ।
ਉਧਰ, ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਰਾਤ ਸਮੇਂ ਭਾਰੀ ਮੀਂਹ ਪਿਆ। ਸ਼ਿਮਲਾ ਦੇ ਵਿਜੇਨਗਰ ‘ਚ ਪਾਣੀ ਦਾਖਲ ਹੋਣ ਕਾਰਨ ਰਾਤ ਨੂੰ ਦੋ ਘਰਾਂ ਨੂੰ ਖਾਲੀ ਕਰਵਾਉਣਾ ਪਿਆ। ਸੂਬੇ ਦੇ ਹੋਰ ਸ਼ਹਿਰਾਂ ‘ਚ ਵੀ ਕਈ ਥਾਵਾਂ ‘ਤੇ ਬਿਜਲੀ ਡਿੱਗਣ ਅਤੇ ਮੀਂਹ ਕਾਰਨ ਨੁਕਸਾਨ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ-ਸ਼ਿਮਲਾ ਫੋਰਲੇਨ ਨੂੰ ਸੋਲਨ ਦੇ ਚੱਕੀ ਮੋੜ ਨੇੜੇ ਮੁੜ ਬੰਦ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ ਹਾਈਵੇਅ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਢਿੱਗਾਂ ਡਿੱਗਣ ਕਾਰਨ ਬਦਲਵੀਂ ਸੜਕ ਵੀ ਬੰਦ ਹੋ ਗਈ ਹੈ। ਸੜਕ ਤੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ।


ਮੌਸਮ ਵਿਭਾਗ ਨੇ 23-24 ਅਗਸਤ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਅਗਲੇ ਕੁੱਝ ਘੰਟਿਆਂ ਦੌਰਾਨ ਸੋਲਨ, ਸ਼ਿਮਲਾ, ਸਿਰਮੌਰ, ਹਮੀਰਪੁਰ, ਊਨਾ ਮੰਡੀ, ਕਾਂਗੜਾ, ਚੰਬਾ, ਕੁੱਲੂ, ਕਿਨੌਰ ਅਤੇ ਲਾਹੌਲ ਸਪਿਤੀ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਸਰਕਾਰ ਨੇ ਲੋਕਾਂ ਨੂੰ ਨਦੀਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿਚ ਯਾਤਰਾ ਨਾ ਕਰਨ ਦੀ ਸਲਾਹ ਦਿਤੀ ਹੈ।

error: Content is protected !!