40 ਲੱਖ ਦਾ ਕਰਜ਼ਾ ਚੁੱਕ ਚਾਰ ਮਹੀਨੇ ਜੰਗਲਾਂ ਵਿਚ ਧੱਕੇ ਖਾ ਕੇ ਅਮਰੀਕਾ ਪੁੱਜੇ ਨੌਜਵਾਨ ਦੀ ਇਸ ਤਰ੍ਹਾਂ ਹੋ ਗਈ ਮੌਤ, ਪਰਿਵਾਰ ਕੋਲ ਵਿਦੇਸ਼ੋਂ ਲਾਸ਼ ਮੰਗਵਾਉਣ ਤਕ ਲਈ ਨਹੀਂ ਰੁਪਏ, ਮਦਦ ਦੀ ਲਾਈ ਗੁਹਾਰ

40 ਲੱਖ ਦਾ ਕਰਜ਼ਾ ਚੁੱਕ ਚਾਰ ਮਹੀਨੇ ਜੰਗਲਾਂ ਵਿਚ ਧੱਕੇ ਖਾ ਕੇ ਅਮਰੀਕਾ ਪੁੱਜੇ ਨੌਜਵਾਨ ਦੀ ਇਸ ਤਰ੍ਹਾਂ ਹੋ ਗਈ ਮੌਤ, ਪਰਿਵਾਰ ਕੋਲ ਵਿਦੇਸ਼ੋਂ ਲਾਸ਼ ਮੰਗਵਾਉਣ ਤਕ ਲਈ ਨਹੀਂ ਰੁਪਏ, ਮਦਦ ਦੀ ਲਾਈ ਗੁਹਾਰ


ਵੀਓਪੀ ਬਿਊਰੋ, ਇੰਟਰਨੈਸ਼ਨਲ-40 ਲੱਖ ਦਾ ਕਰਜ਼ਾ ਲੈ ਕੇ ਚਾਰ ਮਹੀਨੇ ਜੰਗਲਾਂ ਵਿਚ ਧੱਕੇ ਖਾ ਕੇ ਅਮਰੀਕਾ ਪੁੱਜੇ ਨੌਜਵਾਨ ਦੀ ਉਥੇ ਮੌਤ ਹੋ ਗਈ। ਹਰਿਆਣਾ ਵਿਚ ਕਰਨਾਲ ਜ਼ਿਲ੍ਹੇ ਦੇ ਪਿੰਡ ਰਾਹੜਾ ਨਾਲ ਸਬੰਧਤ ਇਹ ਨੌਜਵਾਨ ਪੰਕਜ ਰਾਣਾ ਬੰਦੂਕ ਚੈਕ ਕਰ ਰਿਹਾ ਸੀ ਕਿ ਅਚਾਨਕ ਟਰਿੱਗਰ ਦੱਬਿਆ ਗਿਆ ਅਤੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਨੌਜਵਾਨ ਨੂੰ ਅਮਰੀਕਾ ਭੇਜਿਆ ਸੀ। ਇਸ ਉਤੇ 40 ਲੱਖ ਰੁਪਏ ਖਰਚ ਕੀਤੇ ਗਏ। ਚਾਰ ਮਹੀਨਿਆਂ ਤੱਕ ਜੰਗਲਾਂ ਵਿੱਚ ਧੱਕੇ ਖਾਣ ਤੋਂ ਬਾਅਦ ਉਹ ਛੇ ਮਹੀਨੇ ਪਹਿਲਾਂ ਅਮਰੀਕਾ ਵਿੱਚ ਦਾਖਲ ਹੋਇਆ ਅਤੇ ਇੱਕ ਸਟੋਰ ਵਿੱਚ ਨੌਕਰੀ ਕਰ ਲਈ। ਪਰਿਵਾਰ ਵਾਲੇ ਵੀ ਇਸ ਗੱਲੋਂ ਖੁਸ਼ ਸਨ ਕਿ ਉਨ੍ਹਾਂ ਦਾ ਬੱਚਾ ਹੁਣ ਅਮਰੀਕਾ ਵਿੱਚ ਸੈੱਟ ਹੋ ਜਾਵੇਗਾ।


ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੰਕਜ ਸੋਮਵਾਰ ਸ਼ਾਮ ਨੂੰ ਸਟੋਰ ਉਤੇ ਗਿਆ ਸੀ ਅਤੇ ਉਥੇ ਬੰਦੂਕ ਚੈੱਕ ਕਰ ਰਿਹਾ ਸੀ। ਇਸ ਦੌਰਾਨ ਗਲਤੀ ਨਾਲ ਟਰਿੱਗਰ ਦਬਾ ਦਿੱਤਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਉਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ।
ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਪੰਕਜ ਨੇ ਅਮਰੀਕਾ ਤੋਂ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਸਨ, ਤਾਂ ਜੋ ਉਸ ਨੇ ਜਿਨ੍ਹਾਂ ਲੋਕਾਂ ਤੋਂ ਕਰਜ਼ਾ ਲਿਆ ਸੀ, ਉਨ੍ਹਾਂ ਨੂੰ ਮੋੜਿਆ ਜਾ ਸਕੇ। ਪਰ ਹੁਣ ਸਭ ਕੁਝ ਖਤਮ ਹੋ ਗਿਆ ਹੈ। ਪੰਕਜ ਦੀ ਲਾਸ਼ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਗੁੰਝਲਦਾਰ ਪ੍ਰਕਿਰਿਆ ਹੈ। ਜਿਸ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਦੀ ਵੀ ਲੋੜ ਹੈ।


ਦੂਜੇ ਪਾਸੇ ਮ੍ਰਿਤਕ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਲੱਖਾਂ ਰੁਪਏ ਦਾ ਖਰਚਾ ਚੁੱਕਣਾ ਪੈਂਦਾ ਹੈ ਪਰ ਪਰਿਵਾਰ ਦੇ ਹਾਲਾਤ ਅਜਿਹੇ ਨਹੀਂ ਹਨ ਕਿ ਉਹ ਇਹ ਖਰਚਾ ਚੁੱਕ ਸਕਣ। ਹੁਣ ਮ੍ਰਿਤਕ ਦੇ ਭਰਾ ਨੇ ਐਨਆਰਆਈ ਨੌਜਵਾਨਾਂ ਤੇ ਸਰਕਾਰਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ।

error: Content is protected !!