ਫਲੈਟ ਦੀ 15ਵੀਂ ਮੰਜ਼ਲ ਤੋਂ ਹੇਠਾਂ ਡਿੱਗਾ ਨੌਜਵਾਨ, ਸਿਰ ਤੇ ਸਰੀਰ ਵਿਚੋਂ ਸਰੀਏ ਹੋਏ ਆਰ-ਪਾਰ, ਮੌਕੇ ਉਤੇ ਹੀ ਮੌਤ
ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਦੇ ਮੁੱਲਾਪੁਰ-ਫਿਰੋਜ਼ਪੁਰ ਰੋਡ ‘ਤੇ ਬਣਾਏ ਜਾ ਰਹੇ ਫਲੈਟ ਦੀ 15ਵੀਂ ਮੰਜ਼ਿਲ ਤੋਂ ਇਕ ਨੌਜਵਾਨ ਹੇਠਾਂ ਡਿੱਗ ਗਿਆ। ਨੌਜਵਾਨ ਇੱਥੇ ਰੇਲਿੰਗ ਲਗਾ ਰਿਹਾ ਸੀ ਕਿ ਉਸ ਦਾ ਪੈਰ ਫਿਸਲ ਗਿਆ। ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਨੌਜਵਾਨ ਦੇ ਸਿਰ ਅਤੇ ਸਰੀਰ ਵਿਚ ਸਰੀਆ ਲੰਘ ਗਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।



ਲੋਕਾਂ ਨੇ ਕਟਰ ਮਸ਼ੀਨ ਦੀ ਮਦਦ ਨਾਲ ਸਰੀਰ ਵਿਚੋਂ ਸਰੀਏ ਨੂੰ ਕੱਟ ਕੇ ਬਾਹਰ ਕੱਢਿਆ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਸੁਹੇਬ ਵਜੋਂ ਹੋਈ ਹੈ। ਮ੍ਰਿਤਕ ਮੂਲ ਰੂਪ ਵਿਚ ਦਰਬਾਰ ਖੁਰਦ ਕੈਰਾਨਾ, ਸ਼ਾਮਲੀ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇੱਥੇ ਉਹ ਹੋਰ ਮਜ਼ਦੂਰਾਂ ਨਾਲ ਕੰਪਨੀ ਦੇ ਫਲੈਟਾਂ ਵਿਚ ਰਹਿੰਦਾ ਸੀ। ਮਜ਼ਦੂਰਾਂ ਨੇ ਦੱਸਿਆ ਕਿ ਸੁਹੇਬ ਬਿਨਾਂ ਸੇਫਟੀ ਬੈਲਟ ਤੋਂ ਕੰਮ ਕਰ ਰਿਹਾ ਸੀ।
ਓਧਰ ਨੌਜਵਾਨ ਦੀ ਮੌਤ ਤੋਂ ਬਾਅਦ ਫਲੈਟਾਂ ਵਿਚ ਕੰਮ ਕਰ ਰਹੇ ਮਜ਼ਦੂਰਾਂ ਨੇ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਪੁਲਿਸ ਦੇ ਆਉਣ ਤੋਂ ਬਾਅਦ ਮੁਲਾਜ਼ਮਾਂ ਨੇ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੁੱਲਾਪੁਰ ਦਾਖਾ ਦੇ ਡੀਐਸਪੀ ਅਮਨਦੀਪ ਸਿੰਘ ਦੇ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਸੁਹੇਬ ਦੇ ਰਿਸ਼ਤੇਦਾਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਦੇਰ ਰਾਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਧਾਰ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਪੁਲਿਸ ਥਾਣਾ ਮੁੱਲਾਪੁਰ-ਦਾਖਾ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।