ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਪੰਜਾਬ ਪੁਲਿਸ ਦੇ ਜਵਾਨ ਨੇ ਕੀਤੀ ਖੁਦਕੁਸ਼ੀ, ਸਾਲਾ ਤੇ ਸੱਸ-ਸਹੁਰਾ ਕਾਬੂ, ਪਤਨੀ ਫਰਾਰ

ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਪੰਜਾਬ ਪੁਲਿਸ ਦੇ ਜਵਾਨ ਨੇ ਕੀਤੀ ਖੁਦਕੁਸ਼ੀ, ਸਾਲਾ ਤੇ ਸੱਸ-ਸਹੁਰਾ ਕਾਬੂ, ਪਤਨੀ ਫਰਾਰ

ਪਟਿਆਲਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੇ ਹੌਲਦਾਰ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਸਟੇਬਲ ਨੇ ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਵੀ ਬਣਾਈ। ਇਸ ‘ਚ ਉਸ ਨੇ ਆਪਣੀ ਪਤਨੀ, ਸਾਲੇ ਅਤੇ ਸੱਸ-ਸਹੁਰੇ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਕਾਂਸਟੇਬਲ ਦੀ ਲਾਸ਼ ਨਹਿਰ ‘ਚੋਂ ਬਰਾਮਦ ਹੋਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਚਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਪੁਲਿਸ ਨੇ ਸਾਲੇ ਅਤੇ ਸੱਸ-ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਪਤਨੀ ਫਿਲਹਾਲ ਫਰਾਰ ਹੈ। ਮ੍ਰਿਤਕ ਕਾਂਸਟੇਬਲ ਦੀ ਪਛਾਣ ਪਰਮਿੰਦਰ ਸਿੰਘ (32) ਵਜੋਂ ਹੋਈ ਹੈ। ਉਹ ਥਾਣਾ ਸਿਵਲ ਲਾਈਨ ਵਿੱਚ ਤਾਇਨਾਤ ਸੀ। ਪੰਜਾਬ ਪੁਲਿਸ ਤੋਂ ਏਐਸਆਈ ਵਜੋਂ ਸੇਵਾਮੁਕਤ ਹੋਏ ਸੰਤੋਖ ਸਿੰਘ ਵਾਸੀ ਰਤਨ ਨਗਰ ਐਕਸਟੈਨਸ਼ਨ ਤ੍ਰਿਪੜੀ ਟਾਊਨ ਪਟਿਆਲਾ ਨੇ ਦੱਸਿਆ ਕਿ ਉਸ ਦੇ ਲੜਕੇ ਪਰਮਿੰਦਰ ਸਿੰਘ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਕਮਲਪ੍ਰੀਤ ਕੌਰ ਨਾਲ ਹੋਇਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਘਰੇਲੂ ਕਲੇਸ਼ ਕਾਰਨ ਕਮਲਪ੍ਰੀਤ ਕੌਰ ਆਪਣੀ ਲੜਕੀ ਸਰਗੁਣ ਕੌਰ ਸਮੇਤ ਸਾਰੇ ਗਹਿਣੇ ਅਤੇ ਕੱਪੜੇ ਲੈ ਕੇ ਲੁਧਿਆਣਾ ਦੇ ਪਿੰਡ ਆਲਮਗੀਰ ਸਥਿਤ ਆਪਣੇ ਨਾਨਕੇ ਘਰ ਚਲੀ ਗਈ ਸੀ।


ਕਮਲਪ੍ਰੀਤ ਕੌਰ ਨੇ ਆਪਣੇ ਪਤੀ ‘ਤੇ ਘਰੇਲੂ ਹਿੰਸਾ ਅਤੇ ਦਾਜ ਦੀ ਮੰਗ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਬੇਟੇ ਨੂੰ ਲੁਧਿਆਣਾ ਦੇ ਡੇਹਲੋਂ ਥਾਣੇ ਬੁਲਾਇਆ ਗਿਆ। ਇਸ ਤੋਂ ਬਾਅਦ ਕਮਲਪ੍ਰੀਤ ਕੌਰ ਨੇ ਥਾਣਾ ਵੂਮੈਨ ਸੈੱਲ ਰਿਸ਼ੀ ਨਗਰ ਲੁਧਿਆਣਾ ਵਿੱਚ ਸ਼ਿਕਾਇਤ ਵੀ ਦਿੱਤੀ। ਪਰਮਿੰਦਰ ਸਿੰਘ ਕੁਝ ਰਿਸ਼ਤੇਦਾਰਾਂ ਨਾਲ ਉਥੇ ਗਿਆ ਸੀ। ਉਥੇ ਕਮਲਪ੍ਰੀਤ ਕੌਰ, ਉਸ ਦੇ ਭਰਾ ਅਮਨਦੀਪ ਸਿੰਘ, ਮਾਤਾ ਸ਼ਰਨਜੀਤ ਕੌਰ ਅਤੇ ਪਿਤਾ ਰਜਿੰਦਰਪਾਲ ਸਿੰਘ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਨਾਭਾ ਰੋਡ ’ਤੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ।

error: Content is protected !!