ਅੱਧੀ ਰਾਤ ਨੂੰ ਪੁਲਿਸ ਮੁਲਾਜ਼ਮਾਂ ਉਤੇ ਕਰ ਦਿੱਤਾ ਜਾਨਲੇਵਾ ਹਮਲਾ, ਇੰਸਪੈਕਟਰ ਸਮੇਤ ਦੋ ਮੁਲਾਜ਼ਮ ਜ਼ਖਮੀ, ਦੋ ਔਰਤਾਂ ਤੇ ਇਕ ਵਿਅਕਤੀ ਗ੍ਰਿਫ਼ਤਾਰ

ਅੱਧੀ ਰਾਤ ਨੂੰ ਪੁਲਿਸ ਮੁਲਾਜ਼ਮਾਂ ਉਤੇ ਕਰ ਦਿੱਤਾ ਜਾਨਲੇਵਾ ਹਮਲਾ, ਇੰਸਪੈਕਟਰ ਸਮੇਤ ਦੋ ਮੁਲਾਜ਼ਮ ਜ਼ਖਮੀ, ਦੋ ਔਰਤਾਂ ਤੇ ਇਕ ਵਿਅਕਤੀ ਗ੍ਰਿਫ਼ਤਾਰ


ਵੀਓਪੀ ਬਿਊਰੋ, ਬਠਿੰਡਾ- ਬਠਿੰਡਾ ਵਿਚ ਕਾਰਵਾਈ ਕਰਨ ਪਹੁੰਚੀ ਪੰਜਾਬ ਪੁਲਿਸ ਦੀ ਟੀਮ ‘ਤੇ ਨਸ਼ਾ ਤਸਕਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਸੂਚਨਾ ਦੇ ਆਧਾਰ ’ਤੇ ਸੀ. ਆਈ. ਏ.-2 ਦੀ ਪੁਲਿਸ ਟੀਮ ਐਤਵਾਰ ਅੱਧੀ ਰਾਤ ਨੂੰ ਧੋਬੀਆਣਾ ਬਸਤੀ ਵਿਖੇ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਲਈ ਪਹੁੰਚੀ। ਸਮੱਗਲਰਾਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਤੇ ਇੰਸਪੈਕਟਰ ਸਮੇਤ ਦੋ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ। ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਮੁਲਜ਼ਮਾਂ ਨੂੰ ਫੜਨ ਲਈ ਬਹਿਰਾਲ ਪੁਲਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਪੂਜਾ ਦੇਵੀ, ਸ਼ੀਲਾ ਦੇਵੀ ਅਤੇ ਸ਼ੰਕਰ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮ ਭੱਜਣ ’ਚ ਕਾਮਯਾਬ ਹੋ ਗਏ।


ਪੁਲਿਸ ਨੇ ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਕਰਨਵੀਰ ਸਿੰਘ ਅਤੇ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜਨ ਭਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੀਆਈਏ ਦੀ ਟੀਮ ਨਸ਼ਿਆਂ ਸਬੰਧੀ ਚੈਕਿੰਗ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਨਸ਼ੇ ਦੀ ਖੇਪ ਰਾਤ ਸਮੇਂ ਧੋਬੀਆਣਾ ਬਸਤੀ ’ਚ ਪੁੱਜ ਜਾਵੇਗੀ। ਇਸ ਦੌਰਾਨ ਪੁਲਿਸ ਨੇ ਕਿੰਗਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ’ਚ ਸਵਾਰ ਅੱਧਾ ਦਰਜਨ ਵਿਅਕਤੀਆਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ, ਬੇਸਬਾਲ ਅਤੇ ਤਲਵਾਰਾਂ ਸਨ। ਜਦ ਪੁਲਿਸ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੂਜਾ ਦੇਵੀ, ਸ਼ੀਲਾ ਦੇਵੀ ਅਤੇ ਰਾਹੁਲ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਨੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਪੁਲਿਸ ’ਤੇ ਪਥਰਾਅ ਕੀਤਾ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਪਾੜ ਦਿੱਤੀਆਂ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।


ਇੰਸਪੈਕਟਰ ਕਰਨਵੀਰ ਨੇ ਦੱਸਿਆ ਕਿ ਅਮਰਜੀਤ, ਕਮਲ, ਸ਼ੰਕਰ ਦਾਸ ਨੇ ਹਮਲਾ ਕੀਤਾ, ਜਦਕਿ ਤਿੰਨ ਹੋਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ। ਥਾਣਾ ਸਿਵਲ ਲਾਈਨ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ’ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ।

error: Content is protected !!