ਨਕਲੀ ਦਿਲ ਪਾ ਕੇ ਚਲਾ ਦਿੱਤੀ ਮਰੀਜ਼ ਦੀ ਧੜਕਨ, ਪੰਜਾਬ ਦੇ ਹਸਪਤਾਲ ਵਿਚ ਹੋਈ ਅਜਿਹੀ ਪਹਿਲੀ ਸਰਜਰੀ, ਦੋ ਵੱਡੇ ਹਸਪਤਾਲਾਂ ਨੇ ਆਪ੍ਰੇਸ਼ਨ ਤੋਂ ਕਰ ਦਿੱਤਾ ਸੀ ਇਨਕਾਰ

ਨਕਲੀ ਦਿਲ ਪਾ ਕੇ ਚਲਾ ਦਿੱਤੀ ਮਰੀਜ਼ ਦੀ ਧੜਕਨ, ਪੰਜਾਬ ਦੇ ਹਸਪਤਾਲ ਵਿਚ ਹੋਈ ਅਜਿਹੀ ਪਹਿਲੀ ਸਰਜਰੀ, ਦੋ ਵੱਡੇ ਹਸਪਤਾਲਾਂ ਨੇ ਆਪ੍ਰੇਸ਼ਨ ਤੋਂ ਕਰ ਦਿੱਤਾ ਸੀ ਇਨਕਾਰ


ਵੀਓਪੀ ਬਿਊਰੋ, ਅੰਮ੍ਰਿਤਸਰ : ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਸੰਚਾਲਿਤ ਗੁਰੂ ਨਾਨਕ ਦੇਵ ਹਸਪਤਾਲ (GNDH)ਦੇ ਦਿਲ ਦੇ ਰੋਗਾਂ ਦੇ ਮਾਹਰਾਂ ਨੇ ਨਕਲੀ ਦਿਲ ਨਾਲ ਮਰੀਜ਼ ਦੀ ਧੜਕਨ ਚਲਾ ਕੇ ਉਸ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆਂਦਾ। ਮਰੀਜ਼ ਦੇ ਦਿਲ ’ਚ ਨਕਲੀ ਦਿਲ ਯਾਨੀ ਇੰਪੇਲਾ ਪਾ ਕੇ ਡਾਕਟਰਾਂ ਨੇ ਸਾਢੇ ਦਸ ਘੰਟਿਆਂ ਵਿਚ ਸਫਲ ਸਰਜਰੀ ਕੀਤੀ। ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ ’ਚ ਅਜਿਹੀ ਇਹ ਪਹਿਲੀ ਸਰਜਰੀ ਹੈ। 75 ਸਾਲਾ ਮਰੀਜ਼ ਜੋਧ ਸਿੰਘ ਦਾ ਜ਼ਿਲ੍ਹੇ ਦੇ ਦੋ ਵੱਡੇ ਨਿੱਜੀ ਹਸਪਤਾਲਾਂ ਨੇ ਆਪ੍ਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਡਾ. ਪਰਮਿੰਦਰ ਅਨੁਸਾਰ ਮਰੀਜ਼ ਐਕਿਊਟ ਮਾਇਓਕਾਰਡਿਓਲੋਜੀ ਇਨਫ੍ਰਕਸ਼ਨ ਤੋਂ ਪੀੜਤ ਸੀ। ਇੰਪੇਲਾ ਪੰਪ ਦੀ ਵਰਤੋਂ ਕਰ ਕੇ ਪਹਿਲੀ ਵਾਰ ਗੁਰੂ ਨਾਨਕ ਦੇਵ ਹਸਪਤਾਲ ’ਚ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ ਗਿਆ ਹੈ।


ਦਰਅਸਲ, ਇਸ ਮਰੀਜ਼ ਦੀ ਧੀ ਰੁਪਿੰਦਰ ਕੌਰ ਗੁਰੂ ਨਾਨਕ ਦੇਵ ਹਸਪਤਾਲ ’ਚ ਨਰਸ ਹੈ। ਉਸ ਨੇ ਇਸੇ ਹਸਪਤਾਲ ’ਚ ਕਾਰਡਿਓਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਤੇ ਦਿਲ ਦੇ ਰੋਗਾਂ ਦੇ ਮਾਹਰ ਡਾ. ਪਰਮਿੰਦਰ ਸਿੰਘ ਮੰਗੇੜਾ ਨਾਲ ਗੱਲ ਕੀਤੀ। ਡਾ. ਪਰਮਿੰਦਰ ਨੇ ਰਿਪੋਰਟ ਦੇਖੀ ਅਤੇ ਮਰੀਜ਼ ਨੂੰ ਹਸਪਤਾਲ ਲਿਆਉਣ ਲਈ ਕਿਹਾ। ਜਾਂਚ ਦੌਰਾਨ ਪਤਾ ਲੱਗਾ ਕਿ ਮਰੀਜ਼ ਦੇ ਦਿਲ ਦੀਆਂ ਤਿੰਨ ਨਾੜੀਆਂ 99 ਫੀਸਦੀ ਤੱਕ ਬਲਾਕ ਸਨ। ਇਨ੍ਹਾਂ ਵਿਚ ਚਿੱਟੇ ਰੰਗ ਦਾ ਕੈਲਸ਼ੀਅਮ ਜਮ੍ਹਾ ਸੀ, ਜਿਸ ਕਾਰਨ ਨਾੜੀਆਂ ਸਖ਼ਤ ਹੋ ਚੁੱਕੀਆਂ ਸਨ। ਦਿਲ ਵੀ 25 ਫੀਸਦੀ ਕੰਮ ਕਰ ਰਿਹਾ ਸੀ। ਦਿਲ ਦੀ ਪੰਪਿੰਗ ਬੇਹੱਦ ਘੱਟ ਸੀ ਅਤੇ ਵਾਲਵ ਵੀ ਕਮਜ਼ੋਰ ਸਨ।
ਡਾ. ਪਰਮਿੰਦਰ ਅਨੁਸਾਰ ਮਰੀਜ਼ ਬੇਹੱਦ ਗੰਭੀਰ ਹਾਲਤ ਵਿਚ ਸੀ। ਇਸ ਦੇ ਬਾਵਜੂਦ ਉਨ੍ਹਾਂ ਚੁਣੌਤੀ ਸਵੀਕਾਰ ਕੀਤੀ। ਮਰੀਜ਼ ਦੀਆਂ ਧੜਕਨਾਂ ਚੱਲਦੀਆਂ ਰਹਿਣ, ਇਸ ਦੇ ਲਈ ਮੁੰਬਈ ਤੋਂ ਮਿੰਨੀ ਹਾਰਟ ਮਸ਼ੀਨ ਯਾਨੀ ਇੰਪੇਲਾ ਮੰਗਵਾਇਆ ਗਿਆ। ਇਹ ਇੰਪੇਲਾ ਮਰੀਜ਼ ਦੀ ਲੱਤ ਦੀਆਂ ਨਾੜੀਆਂ ਜ਼ਰੀਏ ਦਿਲ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਆਪ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇੰਟਰਾ ਵਸਕੁਲਰ ਲਿਥੈਟ੍ਰੈਪਸੀ ਬੈਲੂਨ ਨਾਲ ਨਾੜੀਆਂ ਵਿਚ ਜਮ੍ਹਾ ਕੈਲਸ਼ੀਅਮ ਨੂੰ ਤੋੜਿਆ ਗਿਆ। ਉਪਰੰਤ ਸਟੰਟ ਪਾਏ ਗਏ। ਇਹ ਪ੍ਰਕਿਰਿਆ ਸਾਢੇ ਦਸ ਘੰਟੇ ਤੱਕ ਚੱਲੀ। ਰਾਤ ਸਾਢੇ 12 ਵਜੇ ਸਾਰੀ ਪ੍ਰਕਿਰਿਆ ਮੁਕੰਮਲ ਹੋਈ ਤਾਂ ਮਰੀਜ਼ ਦੇ ਦਿਲ ਵਿਚ ਭੇਜਿਆ ਗਿਆ ਮਿੰਨੀ ਹਾਰਟ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਜਾਂਚ ਕੀਤੀ ਤਾਂ ਮਰੀਜ਼ ਦਾ ਆਪਣਾ ਦਿਲ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ। ਰਾਤ ਨੂੰ ਹੀ ਜੋਧ ਸਿੰਘ ਖੁਦ ਹਸਪਤਾਲ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਗਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਹੁਣ ਉਹ ਬਿਲਕੁੱਲ ਤੰਦਰੁਸਤ ਹਨ।


ਸਰਜਰੀ ਲਈ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੋਂ ਦਿੱਲੀ ਦੇ ਇਕ ਨਿੱਜੀ ਹਸਪਤਾਲ ਨੇ 37 ਲੱਖ ਰੁਪਏ ਮੰਗੇ ਸਨ, ਜਦਕਿ ਗੁਰੂੁ ਨਾਨਕ ਦੇਵ ਹਸਪਤਾਲ ’ਚ ਇਹ 19 ਲੱਖ ਰੁਪਏ ਵਿਚ ਹੋਈ। ਇਸ ਵਿਚ 17 ਲੱਖ ਦਾ ਕੇਵਲ ਮਿੰਨੀ ਹਾਰਟ ਹੀ ਹੈ ਜਿਸ ਦੀ ਵਰਤੋਂ ਕੇਵਲ ਇਕ ਵਾਰ ਹੀ ਕੀਤੀ ਜਾ ਸਕਦੀ ਹੈ।

error: Content is protected !!