ਲਾਰੈਂਸ ਬਿਸ਼ਨੋਈ ਦੀ ਸ਼ੈਅ ‘ਤੇ ਮੰਗਦੇ ਸੀ ਫਿਰੌਤੀਆਂ, ਪੰਜਾਬ ਪੁਲਿਸ ਨੇ 2 ਬਦਮਾਸ਼ ਕੀਤੇ ਕਾਬੂ

ਲਾਰੈਂਸ ਬਿਸ਼ਨੋਈ ਦੀ ਸ਼ੈਅ ‘ਤੇ ਮੰਗਦੇ ਸੀ ਫਿਰੌਤੀਆਂ, ਪੰਜਾਬ ਪੁਲਿਸ ਨੇ 2 ਬਦਮਾਸ਼ ਕੀਤੇ ਕਾਬੂ

ਚੰਡੀਗੜ੍ਹ (ਵੀਓਪੀ ਬਿਊਰੋ): ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਮੰਗਲਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਵਾਲੇ ਇੱਕ ਫਿਰੌਤੀ ਮੰਗਣ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਦੋ ਮੁੱਖ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 0.32 ਬੋਰ ਦਾ ਦੋ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ ਤਰਲੋਚਨ ਸਿੰਘ ਉਰਫ ਰਾਹੁਲ ਚੀਮਾ ਵਾਸੀ ਚੰਡੀਗੜ੍ਹ ਅਤੇ ਹਰੀਸ਼ ਉਰਫ ਹੈਰੀ ਉਰਫ ਬਾਬਾ ਵਾਸੀ ਝੱਜਰ, ਹਰਿਆਣਾ ਵਜੋਂ ਹੋਈ ਹੈ।

ਐਸਐਸਓਸੀ ਦੇ ਏਆਈਜੀ ਅਸ਼ਵਨੀ ਕਪੂਰ ਨੇ ਕਿਹਾ, ਉਨ੍ਹਾਂ ਨੂੰ ਇਨਪੁਟ ਮਿਲਿਆ ਸੀ ਕਿ ਬਿਸ਼ਨੋਈ ਗਿਰੋਹ ਦੇ ਕੁਝ ਮੈਂਬਰ ਪੰਜਾਬ ਅਤੇ ਆਸਪਾਸ ਦੇ ਰਾਜਾਂ ਦੇ ਕਾਰੋਬਾਰੀਆਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਫਿਰੌਤੀ ਦੀਆਂ ਕਾਲਾਂ ਕਰ ਰਹੇ ਸਨ ਅਤੇ ਖੇਤਰ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੋਮਵਾਰ ਨੂੰ ਇੱਕ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕਰਕੇ ਮੁਲਜ਼ਮ ਤਰਲੋਚਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੰਗਲਵਾਰ ਨੂੰ ਦੂਜੇ ਮੁਲਜ਼ਮ ਹਰੀਸ਼ ਨੂੰ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ।

ਏਆਈਜੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰੋਫਾਈਲ ਬਣਾਏ ਸਨ। ਜਿੱਥੇ ਉਹ ਨੌਜਵਾਨਾਂ ਨੂੰ ਗਰੋਹ ਲਈ ਕੰਮ ਕਰਨ ਦਾ ਲਾਲਚ ਦਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਉੱਚ ਪੱਧਰੀ ਜੀਵਨ ਸ਼ੈਲੀ ਦੀ ਪੇਸ਼ਕਸ਼ ਕਰਦੇ ਸਨ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਚੰਗੀ ਰਕਮ ਦੇਣ ਦਾ ਵਾਅਦਾ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ ਅਤੇ ਇਸ ਮੋਡਿਊਲ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!