ਦੂਜਾ ਵਿਆਹ ਕਰਵਾ ਕੇ ਪਛਤਾਇਆ ਸੇਵਾ ਮੁਕਤ ਜੰਗਲਾਤ ਅਫਸਰ, 15 ਦਿਨਾਂ ਵਿਚ ਚੰਨ੍ਹ ਚਾੜ੍ਹ ਗਈ ਨਵੀਂ ਘਰਵਾਲੀ, ਹੁਣ ਥਾਣਿਆਂ ਦੇ ਕੱਟਣੇ ਪੈ ਰਹੇ ਚੱਕਰ

ਦੂਜਾ ਵਿਆਹ ਕਰਵਾ ਕੇ ਪਛਤਾਇਆ ਸੇਵਾ ਮੁਕਤ ਜੰਗਲਾਤ ਅਫਸਰ, 15 ਦਿਨਾਂ ਵਿਚ ਚੰਨ੍ਹ ਚਾੜ੍ਹ ਗਈ ਨਵੀਂ ਘਰਵਾਲੀ, ਹੁਣ ਥਾਣਿਆਂ ਦੇ ਕੱਟਣੇ ਪੈ ਰਹੇ ਚੱਕਰ


ਵੀਓਪੀ ਬਿਊਰੋ, ਗੁਰਦਾਸਪੁਰ – ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਸਲਾ ਸਾਹਮਣੇ ਆਇਆ ਹੈ। ਜੰਗਲਾਤ ਵਿਭਾਗ ਤੋਂ ਸੇਵਾ ਮੁਕਤ ਹੋਏ ਅਫ਼ਸਰ ਸਤਨਾਮ ਸਿੰਘ ਨੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਇਆ। 15 ਦਿਨਾਂ ‘ਚ ਹੀ ਦੂਜੀ ਪਤਨੀ ਚੰਨ੍ਹ ਚਾੜ੍ਹ ਦਿੱਤਾ। ਪਿਛਲੇ ਇਕ ਮਹੀਨੇ ਤੋਂ ਇਹ ਸੇਵਾ ਮੁਕਤ ਅਧਿਕਾਰੀ ਪੁਲਿਸ ਤੋਂ ਇਨਸਾਫ਼ ਲੈਣ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਪੁਲਿਸ ਨੇ ਹਾਲੇ ਮਾਮਲਾ ਵੀ ਦਰਜ ਨਹੀਂ ਕੀਤਾ।
ਜੰਗਲਾਤ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸਦੇ ਬੱਚੇ ਵੀ ਵਿਦੇਸ਼ ‘ਚ ਰਹਿੰਦੇ ਹਨ । ਪਤਨੀ ਦੀ ਮੌਤ ਤੋਂ ਬਾਅਦ ਉਹ ਘਰ ਵਿਚ ਇਕੱਲਾ ਰਹਿੰਦਾ ਸੀ, ਜਿਸ ਕਰਕੇ ਉਸਨੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਪਟਿਆਲਾ ਦੀ ਇੱਕ ਮਹਿਲਾ ਨਾਲ ਦੂਸਰਾ ਵਿਆਹ ਕਰ ਲਿਆ। ਵਿਆਹ ਕਰਵਾਉਣ ਤੋਂ ਬਾਅਦ ਜਦੋਂ ਉਸਦੀ ਪਤਨੀ ਘਰ ਆ ਗਈ ਤਾਂ ਵਿਆਹ ਤੋਂ ਦੋ ਦਿਨ ਬਾਅਦ ਹੀ ਉਸਨੇ ਕਿਹਾ ਕਿ ਉਸ ਦੀ ਮਾਂ ਬਿਮਾਰ ਹੋ ਗਈ ਹੈ, ਜੋ ਪਟਿਆਲਾ ਦੇ ਇਕ ਹਸਪਤਾਲ ‘ਚ ਜੇਰੇ ਇਲਾਜ ਹੈ।


ਇਹ ਕਹਿ ਕੇ ਉਹ ਆਪਣੇ ਪੇਕੇ ਪਟਿਆਲਾ ਚੱਲੀ ਗਈ ਅਤੇ ਉੱਥੇ ਜਾ ਕਿ ਉਸ ਨੇ ਇਲਾਜ ਲਈ ਪੈਸਿਆਂ ਦੀ ਮੰਗ ਕੀਤੀ । ਪਹਿਲੀ ਵਾਰ ਆਪਣੀ ਦੂਸਰੀ ਪਤਨੀ ਦੇ ਖਾਤੇ ‘ਚ 50 ਹਜ਼ਾਰ ਰੁਪਏ ਅਤੇ ਦੂਸਰੀ ਵਾਰ 1 ਲੱਖ ਰੁਪਏ ਅਤੇ ਫਿਰ 2 ਲੱਖ ਰੁਪਏ ਇਸ ਤਰ੍ਹਾਂ ਉਸ ਨੇ 6 ਲੱਖ ਰੁਪਏ ਉਸ ਦੇ ਕੋਲੋਂ ਮੰਗਵਾ ਲਏ। ਇਸ ਤੋਂ ਬਾਅਦ ਜਦੋਂ ਪਤਨੀ ਨੇ ਹੋਰ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਹ ਘਰ ਵਾਪਸ ਆ ਜਾਵੇ ਤਾਂ ਅਗਲੇ ਦਿਨ ਉਹ ਆਪਣੀ ਭੈਣ ਨਾਲ ਘਰ ਵਾਪਸ ਆ ਗਈ। ਇਸ ਤੋਂ ਬਾਅਦ ਅਗਲੇ ਦਿਨ ਪਤਨੀ ਦੀ ਭੈਣ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਹੀ ਹੈ ਅਤੇ ਉਸ ਦਾ ਡਰਾਈਵਰ ਉਸ ਨੂੰ ਅੰਮ੍ਰਿਤਸਰ ਛੱਡ ਆਇਆ। ਇਸ ਤੋਂ ਅਗਲੀ ਰਾਤ ਨੂੰ ਦੂਸਰੀ ਪਤਨੀ ਨੇ ਸਤਨਾਮ ਸਿੰਘ ਦੀ ਰੋਟੀ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਰੋਟੀ ਖੁਆ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਘਰ ਵਿਚ ਪਏ 6 ਤੋਲੇ ਸੋਨੇ ਦੇ ਗਹਿਣੇ 2 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਈ। ਸੇਵਾ ਮੁਕਤ ਅਧਿਕਾਰੀ ਨੇ ਦੱਸਿਆ ਕਿ ਉਸ ਨਾਲ ਕੁੱਲ 10 ਲੱਖ ਰੁਪਏ ਠੱਗੀ ਵੱਜੀ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਹੈ ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਇਸ ਮਹਿਲਾ ਦੇ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ।

ਇਸ ਮਾਮਲੇ ਸੰਬੰਧੀ ਜਦੋਂ ਡੀ. ਐੱਸ. ਪੀ. ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਅਕਤੀ ਸਤਨਾਮ ਸਿੰਘ ਵਲੋਂ ਆਪਣੀ ਦੂਸਰੀ ਪਤਨੀ ਦੇ ਖ਼ਿਲਾਫ਼ ਧੋਖਾਧੜੀ ਨਾਲ ਲੁੱਟ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਔਰਤਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

error: Content is protected !!