ਚੋਰੀ ਦਾ ਸਾਮਾਨ ਖਰੀਦਣ ਤੋਂ ਰੋਕਦਾ ਸੀ ਦੋਸਤ, ਕਬਾੜੀਏ ਨੇ ਹੱਤਿਆ ਕਰ ਲਾਸ਼ ਨਹਿਰ ਵਿਚ ਸੁੱਟੀ, ਤਿੰਨ ਦਿਨਾਂ ਬਾਅਦ ਬਰਾਮਦ ਹੋਈ ਲਾਸ਼

ਚੋਰੀ ਦਾ ਸਾਮਾਨ ਖਰੀਦਣ ਤੋਂ ਰੋਕਦਾ ਸੀ ਦੋਸਤ, ਕਬਾੜੀਏ ਨੇ ਹੱਤਿਆ ਕਰ ਲਾਸ਼ ਨਹਿਰ ਵਿਚ ਸੁੱਟੀ, ਤਿੰਨ ਦਿਨਾਂ ਬਾਅਦ ਬਰਾਮਦ ਹੋਈ ਲਾਸ਼


ਵੀਓਪੀ ਬਿਊਰੋ, ਲੁਧਿਆਣਾ : ਚੋਰੀ ਦਾ ਸਾਮਾਨ ਖਰੀਦਣ ਤੋਂ ਕਬਾੜੀਏ ਨੂੰ ਰੋਕਣਾ ਦੋਸਤ ਨੂੰ ਮਹਿੰਗਾ ਪੈ ਗਿਆ। ਦੁਗਰੀ ਏਰੀਆ ’ਚ ਕਬਾੜੀ ਨੇ ਆਪਣੇ ਦੋਸਤ ਦੀ ਹੱਤਿਆ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ। ਲਾਸ਼ ਤਿੰਨ ਦਿਨਾਂ ਬਾਅਦ ਪੁਲਿਸ ਨੇ ਮੋਗਾ ਨੇੜੇ ਬੱਧਨੀ ਕਲਾਂ ਦੀ ਨਹਿਰ ’ਚੋਂ ਬਰਾਮਦ ਕਰ ਲਿਆ ਹੈ। ਥਾਣਾ ਦੁਗਰੀ ਦੀ ਇੰਚਾਰਜ ਇੰਸਪੈਕਟਰ ਮਧੂਬਾਲਾ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਗਗਨਦੀਪ ਸਿੰਘ 9 ਸਤੰਬਰ ਨੂੰ ਆਪਣੇ ਦੋਸਤ ਕਬਾੜੀਏ ਸ਼ਫੀਕ ਦੀ ਦੁਕਾਨ ’ਤੇ ਗਿਆ ਸੀ।

ਇਥੇ ਕਬਾੜੀ ਨੇ ਆਪਣੇ ਡਰਾਈਵਰ ਰਾਸ਼ਾ ਤੇ ਸੰਨੀ ਨਾਲ ਮਿਲ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲਾਸ਼ ਨੂੰ ਬੱਲੋਵਾਲ ਨੇੜੇ ਨਹਿਰ ’ਚ ਸੁੱਟ ਦਿੱਤਾ। ਓਧਰ ਗਗਨਦੀਪ ਦੇ ਘਰ ਨਾ ਪੁੱਜਣ ’ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਗਗਨਦੀਪ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਕਢਵਾਉਣ ਦੇ ਨਾਲ-ਨਾਲ ਹੋਰ ਪਹਿਲੂਆਂ ’ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਗਗਨਦੀਪ ਦੀ ਹੱਤਿਆ ਕੀਤੀ ਗਈ ਹੈ ਅਤੇ ਪੁਲਿਸ ਨੂੰ ਕਬਾੜੀ ’ਤੇ ਸ਼ੱਕ ਸੀ। ਪੁਲਿਸ ਦੇ ਹੱਥ ਕੁਝ ਸਬੂਤ ਲੱਗੇ ਸਨ ਗਗਨਦੀਪ ਦੀ ਲਾਸ਼ ਨਹਿਰ ’ਚ ਸੁੱਟੀ ਗਈ ਹੈ। ਇਸ ਤੋਂ ਬਾਅਦ ਗਗਨਦੀਪ ਦੀ ਲਾਸ਼ ਨੂੰ ਬਰਾਮਦ ਕਰਨ ਲਈ ਗੋਤਾਖੋਰਾਂ ਦੀ ਮਦਦ ਲਈ ਗਈ। ਲਾਸ਼ ਮੋਗਾ ਦੇ ਬੱਧਨੀ ਕਲਾਂ ਨੇੜਿਓਂ ਨਹਿਰ ’ਚੋਂ ਬਰਾਮਦ ਹੋਈ।


ਪੁਲਿਸ ਨੇ ਮਿ੍ਰਤਕ ਦੇ ਭਰਾ ਖੁਸ਼ਵੰਤ ਸਿੰਘ ਦੇ ਬਿਆਨਾਂ ’ਤੇ ਕਬਾੜੀ ਸ਼ਫੀਕ, ਉਸ ਦੇ ਡਰਾਈਵਰ ਰਾਸ਼ਾ ਤੇ ਸੰਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਖੁਸ਼ਵੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਅਤੇ ਕਬਾੜੀ ਸ਼ਫੀਕ ਦੋਸਤ ਸਨ ਅਤੇ ਉਹ ਇਕ-ਦੂਸਰੇ ਦੇ ਕੋਲ ਆਉਂਦੇ-ਜਾਂਦੇ ਰਹਿੰਦੇ ਸਨ। ਸ਼ਫੀਕ ਚੋਰੀ ਦਾ ਸਾਮਾਨ ਖਰੀਦਦਾ ਸੀ ਅਤੇ ਗਗਨਦੀਪ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਸ਼ਫੀਕ ਇਸ ਗੱਲ ਦੀ ਰੰਜਿਸ਼ ਰੱਖਦਾ ਸੀ ਕਿ ਗਗਨਦੀਪ ਉਸ ਦੇ ਕੰਮ ਵਿਚ ਰੋਕ-ਟੋਕ ਕਰਦਾ ਹੈ। ਉਧਰ, ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲਿਸ ਹੱਤਿਆ ਦਾ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕਰ ਰਹੀ ਹੈ।

error: Content is protected !!