ਆਈਐਸਆਈ ਨੂੰ ਭਾਰਤੀ ਫੌਜ ਦੀਆਂ ਸੂਚਨਾਵਾਂ ਦਿੰਦਾ ਸੀ ਫੌਜੀ, ਪਟਿਆਲਾ ਪੁਲਿਸ ਹੱਥ ਲੱਗੇ ਸਬੂਤ, ਫੜਿਆ ਗਿਆ

ਆਈਐਸਆਈ ਨੂੰ ਭਾਰਤੀ ਫੌਜ ਦੀਆਂ ਸੂਚਨਾਵਾਂ ਦਿੰਦਾ ਸੀ ਫੌਜੀ, ਪਟਿਆਲਾ ਪੁਲਿਸ ਹੱਥ ਲੱਗੇ ਸਬੂਤ, ਫੜਿਆ ਗਿਆ


ਵੀਓਪੀ ਬਿਊਰੋ, ਪਟਿਆਲਾ – ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਏਜੰਟ ਨੂੰ ਭਾਰਤੀ ਫ਼ੌਜ ਦੀਆਂ ਗੁਪਤ ਸੂਚਨਾਵਾਂ ਪਹੁੰਚਾਉਣ ਵਾਲੇ ਭਾਰਤੀ ਫੌਜ ਦੇ ਜਵਾਨ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਭਾਰਤੀ ਫ਼ੌਜ ਦੇ ਜਵਾਨ ਮਨਪ੍ਰੀਤ ਸ਼ਰਮਾ (26)ਵਜੋਂ ਹੋਈ ਹੈ।


ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਸ਼ਰਮਾ ਜੋਕਿ ਅਮਰੀਕ ਸਿੰਘ ਦੇ ਨਾਲ ਸਾਲ-2021 ਤੋਂ ਸੰਪਰਕ ’ਚ ਆਇਆ ਹੋਇਆ ਹੈ। ਉਦੋਂ ਤੋਂ ਹੀ ਮਨਪ੍ਰੀਤ ਸ਼ਰਮਾ ਚੰਡੀ ਮੰਦਰ (ਪੰਚਕੂਲਾ) ਵਿਖੇ ਪੋਸਟਡ ਸੀ। ਇਨ੍ਹਾਂ ਦੋਵਾਂ ਦੀਆਂ ਮੀਟਿੰਗਾਂ ਸੈਕਟਰ-22 ਚੰਡੀਗੜ੍ਹ ’ਚ ਹੀ ਹੁੰਦੀਆਂ ਸਨ। ਇਸ ਤੋਂ ਇਲਾਵਾ ਮਨਪ੍ਰੀਤ ਸ਼ਰਮਾ ਪਠਾਨਕੋਟ ’ਚ ਵੀ ਪੋਸਟਡ ਰਿਹਾ ਹੈ। ਮਨਪ੍ਰੀਤ ਸ਼ਰਮਾ ਤੋਂ ਸੀ. ਆਈ. ਏ. ਸਟਾਫ਼ ਪਟਿਆਲਾ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਨੇ 4-5 ਵਾਰ ਮਿਲਟਰੀ ਦਾ ਅਹਿਮ ਡਾਟਾ ਅਮਰੀਕ ਸਿੰਘ ਨੂੰ ਦਿੱਤਾ ਹੈ।


ਦੱਸਣਯੋਗ ਹੈ ਕਿ ਅਮਰੀਕ ਸਿੰਘ ਕਰੀਬ 20 ਸਾਲਾਂ ਤੋਂ ਸਮੱਗਲਿੰਗ ’ਚ ਲੱਗਾ ਹੋਇਆ ਹੈ, ਜਿਸ ਦੇ ਖ਼ਿਲਾਫ਼ ਵੱਖ-ਵੱਖ ਹੁਣ ਤੱਕ ਲਗਭਗ 17 ਕੇਸ ਦਰਜ ਹਨ। ਅਮਰੀਕ ਸਿੰਘ ਦਾ ਭਰਾ ਅਵਤਾਰ ਸਿੰਘ ਤਾਰੀ ਵੀ ਜਗਦੀਸ਼ ਭੋਲਾ (ਡਰੱਗ) ਕੇਸ ’ਚ ਸ਼ਾਮਲ ਰਿਹਾ ਹੈ ਅਤੇ ਉਹ ਇਸ ਸਮੇਂ ਜੇਲ੍ਹ ’ਚ ਬੰਦ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਅਮਰੀਕ ਸਿੰਘ ਦੇ ਕਈ ਗੈਂਗਸਟਰਾਂ (ਹਰਵਿੰਦਰ ਸਿੰਘ ਰਿੰਦਾ) ਦੇ ਨਾਲ ਵੀ ਨੇੜਤਾ ਰਹੀ ਹੈ। ਦੱਸਣਯੋਗ ਹੈ ਕਿ ਅਮਰੀਕ ਸਿੰਘ ਨੂੰ ਪਟਿਆਲਾ ਪੁਲਿਸ ਨੇ 8 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ’ਚ ਨਾਮਜ਼ਦ ਕੀਤਾ ਸੀ।


ਇਸ ਦੌਰਾਨ ਜਦੋਂ ਉਸ ਤੋਂ ਪੁੱਛਗਿੱਛ ਹੋਈ ਤਾਂ ਉਸ ਕੋਲੋਂ 5 ਮੋਬਾਈਲ ਬਰਾਮਦ ਹੋਏ ਸਨ ਅਤੇ ਇਨ੍ਹਾਂ ਮੋਬਾਈਲਾਂ ਦੀ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਅਮਰੀਕ ਸਿੰਘ ਦੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨਾਲ ਸਬੰਧ ਸਾਹਮਣੇ ਆਏ ਅਤੇ ਜਿਸ ’ਚ ਇਹ ਵੀ ਸਾਹਮਣੇ ਆਏ ਕਿ ਅਮਰੀਕ ਸਿੰਘ ਨੇ ਆਈ. ਐੱਸ. ਆਈ. ਏਜੰਟ ਨੂੰ ਭਾਰਤੀ ਫ਼ੌਜ ਦੀ ਖ਼ੁਫ਼ੀਆ ਸੂਚਨਾ ਮੁਹੱਈਆ ਕਰਵਾਈ ਸੀ। ਇਸ ਤੋਂ ਬਾਅਦ ਜਦੋਂ ਪੁਲਸ ਨੇ ਇਸ ਦੀ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤਾਂ ਇਸ ’ਚ ਭਾਰਤੀ ਫ਼ੌਜ ਦੇ ਜਵਾਨ ਮਨਪ੍ਰੀਤ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ।

error: Content is protected !!