ਮੰਜ਼ਿਲ ਵੱਲ ਜਾ ਰਹੇ ਆਟੋ ਸਵਾਰ ਨੂੰ ਰਸਤੇ ‘ਚ ਰੋਕ ਕੇ ਉਤਾਰਿਆ ਮੌਤ ਦੇ ਘਾਟ, ਢਿੱਡ ‘ਚ ਮਾਰੇ ਚਾਕੂ

ਮੰਜ਼ਿਲ ਵੱਲ ਜਾ ਰਹੇ ਆਟੋ ਸਵਾਰ ਨੂੰ ਰਸਤੇ ‘ਚ ਰੋਕ ਕੇ ਉਤਾਰਿਆ ਮੌਤ ਦੇ ਘਾਟ, ਢਿੱਡ ‘ਚ ਮਾਰੇ ਚਾਕੂ

ਵੀਓਪੀ ਬਿਊਰੋ – ਅੰਮ੍ਰਿਤਸਰ ‘ਚ ਹਮੀਦਪੁਰਾ-ਜੀ.ਟੀ ਰੋਡ ਛੇਹਰਟਾ ‘ਤੇ ਇਕ ਨੌਜਵਾਨ ਨੇ ਪਹਿਲਾਂ ਹੱਥ ਦੇ ਕੇ ਆਟੋ ਨੂੰ ਰੋਕਿਆ ਅਤੇ ਫਿਰ ਉਸ ‘ਚ ਸਵਾਰ ਨੌਜਵਾਨ ਨੂੰ ਬਾਹਰ ਕੱਢ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਆਟੋ ਚਾਲਕ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਹਮਲਾਵਰ ਦੀ ਪਛਾਣ ਕਰਨ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਥਾਣਾ ਘਰਿੰਡਾ ਦੇ ਪਿੰਡ ਭਾਸਰਕੇ ਗਿਲਾਂ ਦੇ ਵਾਸੀ ਹਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ। 10 ਸਤੰਬਰ ਦੀ ਰਾਤ ਕਰੀਬ 8 ਵਜੇ ਉਹ ਆਪਣੇ ਦੋਸਤ ਕੁਲਦੀਪ ਸਿੰਘ ਵਾਸੀ ਹਮੀਦਪੁਰਾ ਨਾਲ ਘਰ ਤੋਂ ਜੀ.ਟੀ ਰੋਡ ਛੇਹਰਟਾ ਵੱਲ ਜਾ ਰਿਹਾ ਸੀ। ਉਹ ਛੇਹਰਟਾ ਤੋਂ ਥੋੜ੍ਹਾ ਪਿੱਛੇ ਢਿਲੋਂ ਬਾਂਸਾ ਵਾਲੀ ਗਲੀ ਨੇੜੇ ਸਨ, ਜਦੋਂ ਇੱਕ ਨੌਜਵਾਨ ਨੇ ਹੱਥ ਦੇ ਕੇ ਆਟੋ ਨੂੰ ਰੋਕਿਆ।

ਹਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਆਟੋ ਰੋਕਿਆ ਤਾਂ ਉਕਤ ਨੌਜਵਾਨ ਨੇ ਪਿੱਛੇ ਬੈਠੇ ਉਸ ਦੇ ਦੋਸਤ ਕੁਲਦੀਪ ਸਿੰਘ ਨੂੰ ਉਸ ਦੀ ਕਮੀਜ਼ ਤੋਂ ਖਿੱਚ ਕੇ ਬਾਹਰ ਕੱਢ ਲਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਉਸ ਨੇ ਇੱਕ ਪਾਸੇ ਆਟੋ ਰੋਕ ਕੇ ਆਪਣੇ ਦੋਸਤ ਕੁਲਦੀਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਕੁਲਦੀਪ ਦੇ ਪੇਟ ਦੇ ਸੱਜੇ ਪਾਸੇ ਚਾਕੂ ਵਾਂਗ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਘਰਿੰਡਾ ਥਾਣੇ ਦੇ ਇੰਚਾਰਜ ਤੇ ਪੀਪੀਐਸ ਅਧਿਕਾਰੀ ਡਾ: ਸ਼ੀਤਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਮਲਾਵਰ ਗੁਰਦੀਪ ਸਿੰਘ ਵਾਸੀ ਨਰਾਇਣਗੜ੍ਹ ਕਲੋਨੀ ਹਮੀਦਪੁਰਾ ਛੇਹਰਟਾ ਹੈ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!