ਮੋਟਰਸਾਈਕਲ ਉਤੇ ਜਾਂਦੇ ਦੇ ਸਿਰ ਉਤੇ ਮਾਰਿਆ ਤੇਜ਼ਧਾਰ ਹਥਿਆਰ, ਡਿੱਗਣ ਮਗਰੋਂ ਵੱਢ ਦਿੱਤੇ ਹੱਥ-ਪੈਰ, ਕਤਲ ਕਰ ਮੁਲਜ਼ਮ ਹੋਏ ਫਰਾਰ

ਮੋਟਰਸਾਈਕਲ ਉਤੇ ਜਾਂਦੇ ਦੇ ਸਿਰ ਉਤੇ ਮਾਰਿਆ ਤੇਜ਼ਧਾਰ ਹਥਿਆਰ, ਡਿੱਗਣ ਮਗਰੋਂ ਵੱਢ ਦਿੱਤੇ ਹੱਥ-ਪੈਰ, ਕਤਲ ਕਰ ਮੁਲਜ਼ਮ ਹੋਏ ਫਰਾਰ


ਵੀਓਪੀ ਬਿਊਰੋ, ਮੁਕੇਰੀਆਂ : ਮੁਕੇਰੀਆਂ-ਹਾਜ਼ੀਪੁਰ ਰੋਡ ’ਤੇ ਸਥਿਤ ਪਟਿਆਲਾ ਸਕੂਲ ਨੇੜੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਚਾਰ-ਪੰਜ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਅੰਜਾਮ ਦਿੱਤਾ। ਨੌਜਵਾਨ ਦੇ ਹੱਥ-ਪੈਰ ਤਕ ਵੱਢ ਦਿੱਤੇ।

ਜਾਣਕਾਰੀ ਅਨੁਸਾਰ ਕਤਲ ਕੀਤੇ ਗਏ ਗੋਵਿੰਦ ਰਾਏ ਪੁੱਤਰ ਸੁਰਿੰਦਰ ਪਾਲ ਵਾਸੀ ਦਰਜੀਆਂ ਮੁਹੱਲਾ (ਹਾਜੀਪੁਰ) ਆਪਣੇ ਇਕ ਹੋਰ ਦੋਸਤ ਨਵਰਾਜ ਸਿੰਘ ਨੂਰ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸਨੇਹੜਾ ਨਾਲ ਜਦੋਂ ਪਿੰਡ ਪਟਿਆਲ ਨੇੜੇ ਪੁੱਜਿਆ ਤਾਂ 2 ਮੋਟਰਸਾਈਕਲਾਂ ’ਤੇ ਉਸ ਦਾ ਪਿੱਛਾ ਕਰ ਰਹੇ ਚਾਰ-ਪੰਜ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਗਏ।


ਪਿੱਛਾ ਕਰ ਰਹੇ ਨੌਜਵਾਨਾਂ ਨੇ ਗੋਵਿੰਦ ਰਾਏ ਦੇ ਹੱਥਾਂ-ਪੈਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਬੁਰੀ ਤਰ੍ਹਾਂ ਵੱਢਿਆ ਗਿਆ। ਘਟਨਾ ਵਾਲੀ ਥਾਂ ’ਤੇ ਲੋਕ ਜਦੋਂ ਇਕੱਠੇ ਹੋਣ ਲੱਗੇ ਤਾਂ ਸਾਰੇ ਹਮਲਾਵਰ ਫਰਾਰ ਹੋ ਗਏ। ਲੋਕਾਂ ਨੇ ਤੁਰੰਤ ਗੋਵਿੰਦ ਰਾਏ ਨੂੰ ਗੰਭੀਰ ਹਾਲਤ ਵਿਚ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਲਈ ਰੈਫਰ ਕਰ ਦਿੱਤਾ ਅਤੇ ਜਲੰਧਰ ਨੇੜੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ।


ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੀ ਪਿਛਲੇ ਸਾਲਾਂ ਤੋਂ ਰੰਜਿਸ਼ ਚੱਲ ਰਹੀ ਸੀ। ਏ. ਐੱਸ. ਆਈ.ਦਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਜਲਦ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।

error: Content is protected !!