ਫੇਸਬੁੱਕ ਹਸੀਨਾ ਦੇ ਜਾਲ ਵਿਚ ਫਸਿਆ ਪੰਜਾਬੀ ਨੌਜਵਾਨ, ਵਿਆਹ ਦੇ ਸੁਪਨੇ ਸਜਾਈ ਬੈਠੇ ਨਾਲ ਹੋ ਗਈ ਮਾੜੀ

ਫੇਸਬੁੱਕ ਹਸੀਨਾ ਦੇ ਜਾਲ ਵਿਚ ਫਸਿਆ ਪੰਜਾਬੀ ਨੌਜਵਾਨ, ਵਿਆਹ ਦੇ ਸੁਪਨੇ ਸਜਾਈ ਬੈਠੇ ਨਾਲ ਹੋ ਗਈ ਮਾੜੀ


ਵੀਓਪੀ ਬਿਊਰੋ, ਬਟਾਲਾ/ਡੇਰਾ ਬਾਬਾ ਨਾਨਕ : ਬੀਤੇ ਦਿਨੀਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਟਾਹਲੀ ਸਾਹਿਬ ਦਾ ਇਕ ਨੌਜਵਾਨ ਫੇਸਬੁੱਕ ਉਤੇ ਹਨੀ ਟਰੈਪ ਵਿਚ ਫਸ ਗਿਆ। ਫਸਿਆ ਵੀ ਅਜਿਹਾ ਕਿ ਪੰਜ ਲੱਖ ਰੁਪਏ ਤਕ ਗੁਆ ਲਏ। ਪੀੜਤ ਰਾਜਾ ਡੇਵਿਟ ਪੁੱਤਰ ਅਮਰੀਕ ਮਸੀਹ ਵਾਸੀ ਪਿੰਡ ਪੱਖੋਕੇ ਟਾਹਲੀ ਸਾਹਿਬ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਉਹ ਦੁਬਈ ਵਿਖੇ ਕੰਮ ਕਰ ਕੇ ਆਇਆ ਹੈ ਅਤੇ ਬੀਤੀ 31 ਜੁਲਾਈ 2023 ਨੂੰ ਫੇਸਬੁੱਕ ’ਤੇ ਇਕ ਲੜਕੀ ਨੇ ਉਸ ਨੂੰ ਮੈਸੇਜ ਕੀਤਾ ਕਿ ਉਹ ਲੰਬੇ ਸਮੇਂ ਤੋਂ ਲੰਡਨ ’ਚ ਰਹਿੰਦੀ ਹੈ ਤੇ ਦੋਸਤੀ ਕਰਨਾ ਚਾਹੁੰਦੀ ਹੈ ਤੇ ਮੈਂ ਵੀ ਦੋਸਤੀ ਲਈ ਹਾਮੀ ਭਰ ਦਿੱਤੀ।ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਸਾਡਾ ਗੱਲਬਾਤ ਦਾ ਸਿਲਸਿਲਾ ਵੱਧਦਾ ਗਿਆ। ਫਿਰ ਇਕ ਦਿਨ ਉਕਤ ਲੜਕੀ ਦਾ ਫੋਨ ਆਇਆ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ, ਇਸ ਲਈ ਉਹ ਉਸ ਨੂੰ ਵੀ ਜਲਦੀ ਲੰਡਨ ਬੁਲਾ ਰਹੀ ਹੈ।

ਲੜਕੀ ਨੇ ਉਸਨੂੰ ਕਿਹਾ ਕਿ ਉਹ ਕਾਗਜ਼ੀ ਕਾਰਵਾਈ ਲਈ ਹੁਣੇ ਉਸਨੂੰ ਵਟਸਐਪ ’ਤੇ ਆਪਣੇ ਡਾਕੂਮੈਂਟ ਭੇਜੇ। ਉਸਨੇ ਆਪਣੇ ਸਾਰੇ ਡਾਕੂਮੈਂਟ ਵਟਸਐਪ ’ਤੇ ਭੇਜ ਦਿੱਤੇ। ਕੁਝ ਦਿਨ ਬਾਅਦ ਉਕਤ ਲੜਕੀ ਦਾ ਦੁਬਾਰਾ ਫੋਨ ਆਇਆ ਕਿ ਉਸਦੇ ਪੇਪਰ ਵੀ ਤਕਰੀਬਨ ਤਿਆਰ ਹੋ ਚੁੱਕੇ ਹਨ ਤੇ ਉਹ ਵੀ ਅਕਤੂਬਰ ਮਹੀਨੇ ਭਾਰਤ ਆ ਰਹੀ ਹੈ ਤੇ ਕੁਝ ਦਿਨ ਉਸ ਨਾਲ ਘੁੰਮਣ ਤੋਂ ਬਾਅਦ ਉਹ ਦੋਵੇਂ ਵਿਆਹ ਕਰਵਾ ਕੇ ਲੰਡਨ ਚਲੇ ਜਾਣਗੇ। ਰਾਜਾ ਡੇਵਿਟ ਨੇ ਦੱਸਿਆ ਕਿ ਉਕਤ ਲੜਕੀ ਨੇ ਉਸਨੂੰ ਕਿਹਾ ਕਿ ਉਸਦੀ ਇਕ ਦੋਸਤ ਭਾਰਤ ਆਈ ਹੈ ਅਤੇ ਉਹ ਉਸਨੂੰ 5 ਲੱਖ ਰੁਪਏ ਤੇ ਬਾਕੀ, ਜੋ ਵੀ ਉਹ ਕੋਈ ਡਾਕੂਮੈਂਟ ਮੰਗੇ ਉਸਨੂੰ ਦੇ ਦੇਵੇ ਤਾਂ ਕਿ ਉਹ ਇੰਡੀਆਂ ਅੰਬੈਂਸੀ ਦਾ ਰਹਿੰਦਾ ਕੰਮ ਕਰਵਾ ਸਕੇ ਅਤੇ ਬਾਕੀ ਜੋ ਵੀ ਖਰਚਾ ਹੋਵੇਗਾ ਉਹ ਖੁਦ ਕਰ ਲਵੇਗੀ।

ਰਾਜਾ ਡੇਵਟ ਨੇ ਦੱਸਿਆ ਕਿ ਉਹ ਉਕਤ ਲੜਕੀ ਦੀਆਂ ਗੱਲਾਂ ’ਚ ਆ ਗਿਆ ਤੇ ਫੋਨ ’ਤੇ ਗੱਲ ਕਰ ਕੇ ਕੁਝ ਦਿਨ ਬਾਅਦ ਅੰਮ੍ਰਿਤਸਰ ਚਲਾ ਗਿਆ, ਜਿਥੇ ਰਣਜੀਤ ਐਵੀਨਿਊ ਪਾਰਕ ’ਚ ਉਹ ਲੜਕੀ ਆਪਣੇ 2 ਸਾਥੀਆਂ ਸਮੇਤ ਇਕ ਕਾਰ ’ਚ ਸੀ, ਜਿਸ ’ਤੇ ਉਸਨੇ ਵਿਦੇਸ਼ੀ ਲੜਕੀ ਨਾਲ ਗੱਲ ਕਰਵਾ ਕੇ 5 ਲੱਖ ਰੁਪਏ, ਜੋ ਉਸ ਨੇ ਦੁਬਈ ਵਿਖੇ ਮਿਹਨਤ ਨਾਲ ਕਮਾਏ ਸਨ, ਉਕਤ ਲੜਕੀ ਨੂੰ ਦੇ ਦਿੱਤੇ ਤੇ ਆਪ ਵਾਪਸ ਪਿੰਡ ਆ ਗਿਆ।
ਇਸ ਦੌਰਾਨ ਜਦ ਘਰ ਆ ਕੇ ਆਪਣੀ ਦੋਸਤ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ ਅਤੇ ਜਦ ਉਸਨੇ ਉਕਤ ਲੜਕੀ, ਜੋ ਪੈਸੇ ਲੈਣ ਆਈ ਸੀ, ਨੂੰ ਫੋਨ ਲਗਾਇਆ ਤਾਂ ਉਸ ਨੇ ਵੀ ਉਸਦਾ ਨੰਬਰ ਬਲਾਕ ਲਿਸਟ ’ਚ ਪਾ ਦਿੱਤਾ। ਪੀੜਤ ਨੌਜਵਾਨ ਨੇ ਜਿਥੇ ਆਮ ਲੋਕਾਂ ਨੂੰ ਇਨ੍ਹਾਂ ਠੱਗਾਂ ਤੋਂ ਬਚਨ ਦੀ ਅਪੀਲ ਕੀਤੀ ਹੈ, ਉਥੇ ਪੰਜਾਬ ਸਰਕਾਰ ਤੇ ਪੁਲਿਸ ਦੇ ਉਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।

error: Content is protected !!