ਵਿਰੋਧ ਕਾਰਨ ਇੰਡੀਆ ਦਾ ਟੂਰ ਰੱਦ ਹੋਣ ਤੋਂ ਬਾਅਦ ਪੰਜਾਬੀ ਰੈਪਰ ਸ਼ੁਭ ਨੇ ਤੋੜੀ ਚੁੱਪੀ, ਇੰਸਟਾਗ੍ਰਾਮ ਉਤੇ ਪੋਸਟ ਕੀਤੀ ਸਾਂਝੀ , ਜਾਣੋ ਕੀ ਕਿਹਾ…

ਵਿਰੋਧ ਕਾਰਨ ਇੰਡੀਆ ਦਾ ਟੂਰ ਰੱਦ ਹੋਣ ਤੋਂ ਬਾਅਦ ਪੰਜਾਬੀ ਰੈਪਰ ਸ਼ੁਭ ਨੇ ਤੋੜੀ ਚੁੱਪੀ, ਇੰਸਟਾਗ੍ਰਾਮ ਉਤੇ ਪੋਸਟ ਕੀਤੀ ਸਾਂਝੀ , ਜਾਣੋ ਕੀ ਕਿਹਾ…


ਵੀਓਪੀ ਬਿਊਰੋ, ਇੰਟਰਨੈਸ਼ਨਲ- ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦੇ ਵਿਰੋਧ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿਚਾਲੇ ਉਸ ਦਾ ਇੰਡੀਆ ਦਾ ਟੂਰ ਵੀ ਰੱਦ ਹੋ ਗਿਆ। ਇਸ ਸਭ ਮਗਰੋਂ ਹੁਣ ਪੰਜਾਬੀ ਗਾਇਕ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸ਼ੁੱਭ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ। ਉਸ ਨੇ ਲਿਖਿਆ ਹੈ ਕਿ ਉਹ ਇਸ ਦੌਰੇ ਲਈ ਕਾਫ਼ੀ ਉਤਸ਼ਾਹਤ ਸੀ, ਪਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਉਸ ਦੀ ਮਿਹਨਤ ਨੂੰ ਢਾਹ ਲਗਾ ਦਿੱਤੀ ਹੈ।

ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਨਾ ਕਿਹਾ ਜਾਵੇ।ਸ਼ੁੱਭ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਪੰਜਾਬ, ਭਾਰਤ ਦੇ ਇਕ ਨੌਜਵਾਨ ਰੈਪਰ-ਗਾਇਕ ਵਜੋਂ ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ ‘ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਪਨਾ ਸੀ। ਪਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਢਾਹ ਲਾਈ ਹੈ, ਅਤੇ ਮੈਂ ਆਪਣੀ ਨਿਰਾਸ਼ਾ ਅਤੇ ਦੁੱਖ ਨੂੰ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਸੀ। ਮੈਂ ਭਾਰਤ ਵਿਚ ਆਪਣੇ ਦੌਰੇ ਦੇ ਰੱਦ ਹੋਣ ਨਾਲ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ ਵਿਚ, ਆਪਣੇ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ ‘ਤੇ ਸਨ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਦਿਲ ਅਤੇ ਆਤਮਾ ਨਾਲ ਅਭਿਆਸ ਕਰ ਰਿਹਾ ਸੀ। ਮੈਂ ਬਹੁਤ ਉਤਸ਼ਾਹਿਤ, ਖੁਸ਼ ਅਤੇ ਪ੍ਰਦਰਸ਼ਨ ਕਰਨ ਲਈ ਤਿਆਰ ਸੀ। ਪਰ ਕਿਸਮਤ ਦੀਆਂ ਕੁਝ ਹੋਰ ਹੀ ਯੋਜਨਾਵਾਂ ਸਨ। ਭਾਰਤ ਮੇਰਾ ਵੀ ਦੇਸ਼ ਹੈ। ਮੇਰਾ ਜਨਮ ਇੱਥੇ ਹੋਇਆ ਸੀ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਸ਼ਾਨ ਅਤੇ ਪਰਿਵਾਰ ਲਈ ਕੁਰਬਾਨੀਆਂ ਦੇਣ ਲੱਗਿਆਂ ਅੱਖ ਝਪਕਣ ਤਕ ਦਾ ਸਮਾਂ ਵੀ ਨਹੀਂ ਲਗਾਇਆ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖ਼ੂਨ ਵਿਚ ਹੈ। ਮੈਂ ਅੱਜ ਜੋ ਵੀ ਹਾਂ, ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਇਤਿਹਾਸ ਦੇ ਹਰ ਮੋੜ ‘ਤੇ ਪੰਜਾਬੀਆਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਲਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕੀਤਾ ਜਾਵੇ।”


ਵਿਵਾਦਤ ਨਕਸ਼ੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਸ਼ੁੱਭ ਨੇ ਲਿਖਿਆ ਕਿ ਉਸ ਪੋਸਟ ਨੂੰ ਸਾਂਝਾ ਕਰਨ ਦਾ ਮੇਰਾ ਇਰਾਦਾ ਸਿਰਫ ਪੰਜਾਬ ਲਈ ਪ੍ਰਾਰਥਨਾ ਕਰਨਾ ਸੀ, ਕਿਉਂਕਿ ਸੂਬੇ ਭਰ ਵਿਚ ਬਿਜਲੀ ਅਤੇ ਇੰਟਰਨੈੱਟ ਬੰਦ ਹੋਣ ਦੀਆਂ ਖ਼ਬਰਾਂ ਸਨ। ਇਸ ਦੇ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ ਅਤੇ ਮੈਂ ਯਕੀਨੀ ਤੌਰ ‘ਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੇਰੇ ‘ਤੇ ਲੱਗੇ ਦੋਸ਼ਾਂ ਨੇ ਮੈਨੂੰ ਡੂੰਘਾ ਪ੍ਰਭਾਵਤ ਕੀਤਾ ਹੈ। ਪਰ ਜਿਵੇਂ ਕਿ ਮੇਰੇ ਗੁਰੂ ਨੇ ਮੈਨੂੰ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਸਿਖਾਇਆ ਹੈ ਕਿ ਨਾ ਡਰਨਾ ਹੈ ਤੇ ਨਾ ਹੀ ਕਿਸੇ ਦੇ ਡਰਾਵੇ ਵਿਚ ਆਉਣਾ ਹੈ, ਇਹੀ ਪੰਜਾਬੀਅਤ ਦਾ ਮੂਲ ਹੈ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗਾ। ਮੈਂ ਅਤੇ ਮੇਰੀ ਟੀਮ ਜਲਦੀ ਹੀ ਵਾਪਸ ਆਵਾਂਗੇ, ਇਕੱਠੇ ਅਤੇ ਮਜ਼ਬੂਤ ​​ਹੋ ਕੇ। ਵਾਹਿਗੁਰੂ ਮੇਹਰ ਕਰੇ, ਸਰਬੱਤ ਦਾ ਭਲਾ।”

 

error: Content is protected !!