ਪੁੱਤ ਦਾ ਸਿਵਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਮਾਂ ਵੀ ਤੁਰ ਗਈ ਜਹਾਨੋਂ, ਪਿਤਾ ਜੂਝ ਰਿਹੈ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ

ਪੁੱਤ ਦਾ ਸਿਵਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਮਾਂ ਵੀ ਤੁਰ ਗਈ ਜਹਾਨੋਂ, ਪਿਤਾ ਜੂਝ ਰਿਹੈ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ


ਵੀਓਪੀ ਬਿਊਰੋ, ਮਾਨਸਾ : ਪਿੰਡ ਖਿਆਲਾ ਕਲਾਂ ਦੇ ਇਕ ਪਰਿਵਾਰ ਉਤੇ ਇਕ ਤੋਂ ਬਾਅਦ ਇਕ ਦੁੱਖਾਂ ਦਾ ਪਹਾੜ ਟੁੱਟ ਪਿਆ। ਪੁੱਤ ਨੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਤੇ ਮਾਂ-ਪਿਓ ਦੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਲਪੇਟ ’ਚ ਆ ਜਾਣ ਕਾਰਨ ਇਲਾਜ ਕਰਵਾਉਂਦੇ ਹੋਏ ਕੱਖੋਂ ਹੌਲੇ ਹੁੰਦਿਆਂ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਚਾਰ ਦਿਨ ਪਹਿਲਾਂ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਸ ਦਾ ਅਜੇ ਸਿਵਾ ਵੀ ਠੰਢਾ ਨਹੀਂ ਹੋ ਸੀ ਕਿ ਚਾਰ ਦਿਨਾਂ ਬਾਅਦ ਉਸ ਦੀ ਮਾਤਾ ਹਰਬੰਸ ਕੌਰ (65) ਵੀ ਕੈਂਸਰ ਨਾਲ ਜੂਝਦੇ ਹੋਏ ਜਹਾਨੋਂ ਤੁਰ ਗਈ। ਪਿਤਾ ਬਲਦੇਵ ਸਿੰਘ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ। ਇਸ ਕਾਰਨ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ।


ਖਿਆਲਾ ਕਲਾਂ ਦੇ ਕਿਸਾਨ ਗੁਰਸੇਵਕ ਸਿੰਘ ਖਿਆਲਾ ਕਲਾਂ ਦਾ ਆਖਣਾ ਹੈ ਕਿ ਮ੍ਰਿਤਕ ਨੌਜਵਾਨ ਲੜਕਾ ਰਣਜੀਤ ਸਿੰਘ ਬੜਾ ਮਿਹਨਤੀ ਸੀ। ਖੇਤ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦਾ ਸੀ, ਪਰ ਤਿੰਨ ਸਾਲਾਂ ਤੋਂ ਲਗਾਤਾਰ ਨਰਮਾ ਖ਼ਰਾਬ ਹੁੰਦਾ ਗਿਆ ਤੇ ਫ਼ਿਰ ਨਾਲ ਮਜ਼ਦੂਰੀ ਵੀ ਕਰਨ ਲੱਗਿਆ। ਬਜ਼ੁਰਗ ਮਾਂ-ਪਿਓ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਘਿਰ ਗਏ। ਪਰ ਮਹਿੰਗਾਈ ਦੇ ਜ਼ਮਾਨੇ ’ਚ ਕਮਜ਼ੋਰ ਪੈ ਚੁੱਕਿਆ ਦੁਨੀਆ ਨੂੰ ਅਲਵਿਦਾ ਆਖ ਗਿਆ।ਮ੍ਰਿਤਕ ਰਣਜੀਤ ਸਿੰਘ ਦਾ ਛੋਟਾ ਭਰਾ 25 ਸਾਲਾ ਹਰਜਿੰਦਰ ਸਿੰਘ ਦੱਸਦਾ ਹੈ ਕਿ ਉਹ ਵੀ ਦਿਹਾੜੀ ਕਰਦਾ ਹੈ। ਘਰ ਦੇ ਹਾਲਾਤ ਨੂੰ ਦੇਖ ਬਾਰ੍ਹਵੀਂ ਦੀ ਪੜ੍ਹਾਈ ਅੱਧ ਵਿਚਕਾਰ ਛੱਡ ਦਿੱਤੀ। ਉਸ ਦਾ ਭਰਾ ਰਣਜੀਤ ਸਿੰਘ ਦੇ ਸਿਰ ’ਤੇ ਹੀ ਸਾਰੇ ਘਰ ਦੀ ਜ਼ਿੰਮੇਵਾਰੀ ਸੀ। ਘਰ ’ਚ ਤੰਗੀਆਂ ਦੇ ਬਾਵਜੂਦ ਇਕੱਲਾ ਉਸ ਦਾ ਵੱਡਾ ਭਰਾ ਸਾਰਾ ਖਰਚਾ ਚੁੱਕ ਰਿਹਾ ਸੀ। ਰਣਜੀਤ ਨੇ ਦੋਵਾਂ ਭੈਣਾਂ ਦੇ ਵਿਆਹ ਕੀਤੇ।

ਫ਼ਿਰ ਹੁਣ ਉਸ ਦਾ ਵੀ ਵਿਆਹ ਕੁੱਝ ਸਮਾਂ ਪਹਿਲਾਂ ਕੀਤਾ, ਪਰ ਉਸ ਨੇ ਖ਼ੁਦ ਵਿਆਹ ਨਹੀਂ ਕਰਵਾਇਆ ਸੀ। ਉਹ ਠੇਕੇ ’ਤੇ ਇਕ ਕਿੱਲਾ ਵਾਹ ਲੈਂਦਾ ਸੀ, ਪਰ ਫ਼ਸਲ ਦੀ ਖ਼ਰਾਬ ਹੋਣ ਨਾਲ ਵਾਰ-ਵਾਰ ਪੈਂਦੀ ਮਾਰ ਅਤੇ ਦੂਜੇ ਪਾਸੇ ਮਾਂ-ਪਿਓ ਦੇ ਕੈਂਸਰ ਨਾਲ ਜੂਝਣ ਕਾਰਨ ਇਲਾਜ ਦਾ ਖਰਚਾ ਆ ਰਿਹਾ ਸੀ। ਦੋਨਾਂ ਦੇ ਇਲਾਜ ’ਤੇ ਤਕਰੀਬਨ 5 ਲੱਖ ਤੋਂ ਉਪਰ ਖਰਚਾ ਆ ਗਿਆ। ਪਿਤਾ ਦੀ ਦਵਾਈ ਫ਼ਰੀਦਕੋਟ ਹਸਪਤਾਲ ’ਚੋਂ ਚੱਲਦੀ ਹੈ। ਉਨ੍ਹਾਂ ’ਤੇ ਤਕਰੀਬਨ ਤਿੰਨ ਲੱਖ ਰੁਪਏ ਦਾ ਕਰਜ਼ਾ ਹੈ।ਅਜੇ ਤੱਕ ਸਿਰਫ਼ 25 ਕੁ ਹਜ਼ਾਰ ਰੁਪਏ ਐੱਸਜੀਪੀਸੀ ਤੋਂ ਮਦਦ ਜ਼ਰੂਰ ਮਿਲੀ ਹੈ, ਪਰ ਹੋਰ ਕਿਸੇ ਵੀ ਸਿਆਸੀ ਜਾਂ ਹੋਰ ਕਿਸੇ ਵੱਲੋਂ ਮਦਦ ਨਹੀਂ ਮਿਲੀ। ਕੈਂਸਰ ਪੀੜਤ ਦੇ ਇਲਾਜ ਲਈ ਮਿਲਣ ਵਾਲੀ ਰਾਸ਼ੀ ਵੀ ਨਹੀਂ ਮਿਲੀ।

error: Content is protected !!