ਕਦੇ ਰੰਗਲਾ ਹੁੰਦਾ ਸੀ ਪੰਜਾਬ, ਹੁਣ ਕੰਗਲਾ ਬਣ ਕੇ ਰਹਿ ਗਿਆ : ਨਵਜੋਤ ਸਿੱਧੂ

ਕਦੇ ਰੰਗਲਾ ਹੁੰਦਾ ਸੀ ਪੰਜਾਬ, ਹੁਣ ਕੰਗਲਾ ਬਣ ਕੇ ਰਹਿ ਗਿਆ : ਨਵਜੋਤ ਸਿੱਧੂ


ਵੀਓਪੀ ਬਿਊਰੋ, ਪਟਿਆਲਾ : ਕਿਸੇ ਸਮੇਂ ਹਰ ਖੇਤਰ ’ਚ ਮੋਹਰੀ ਰਿਹਾ ਸੂਬਾ ਰੰਗਲਾ ਪੰਜਾਬ ਵਜੋਂ ਜਾਣਿਆ ਜਾਂਦਾ ਸੀ। ਹੁਣ ਰੰਗਲਾ ਪੰਜਾਬ ਕੰਗਲਾ ਬਣ ਕੇ ਰਹਿ ਗਿਆ ਹੈ, ਹੁਣ ਇਹ ਰਹਿਣ ਜੋਗਾ ਨਹੀਂ ਰਿਹਾ। ਸੂਬਾ ਸਰਕਾਰ ਕਰਜ਼ੇ ਲੈ ਕੇ ਡੰਗ ਟਪਾ ਰਹੀ ਹੈ ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਸੂਬੇ ਸਿਰ ਕਰਜ਼ੇ ਦੀ ਪੰਡ 70 ਹਜ਼ਾਰ ਕਰੋੜ ’ਤੇ ਪਹੁੰਚ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕੀਤਾ।

ਉਨ੍ਹਾਂ ਇਕ ਟੀਵੀ ਇੰਟਰਵਿਊ ਦੌਰਾਨ ਰਾਜਪਾਲ ਪੰਜਾਬ ਵੱਲੋਂ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ 50 ਹਜ਼ਾਰ ਕਰੋੜ ਦੇ ਕਰਜ਼ੇ ਬਾਰੇ ਜਾਣਕਾਰੀ ਦੇਣ ਦੀ ਕੀਤੀ ਟਿੱਪਣੀ ਦੀ ਹਮਾਇਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸਿਰਫ਼ ਲਾਰੇਬਾਜ਼ੀ ਕਰਦਿਆਂ ਡੰਗ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਹਥਿਆਉਣ ਲਈ ਰੇਤਾ, ਬਜਰੀ, ਸ਼ਰਾਬ ਤੇ ਹੋਰ ਚੋਰ ਮੋਰੀਆਂ ਰੋਕਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਦੇ ਰਾਜ ’ਚ ਇਹ ਸਾਰੇ ਕੰਮ ਬਾਦਸੂਤਰ ਜਾਰੀ ਹਨ ਅਤੇ ਅੱਜ ਰੇਤਾ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਭਾਅ ’ਤੇ ਮਿਲ ਰਿਹਾ ਹੈ।ਸਿੱਧੂ ਨੇ ਕਿਹਾ ਕਿ ਕੋਈ ਐਕਸਾਈਜ਼ ਪਾਲਿਸੀ ਨਾ ਹੋਣ ਕਾਰਨ ਸੂਬੇ ’ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ ’ਤੇ ਹੈ।

ਸਿੱਧੂ ਨੇ ਆਖਿਆ ਕਿ ‘ਆਪ’ ਵਾਲੇ ਹੁਣ ਤੱਕ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੇ ਹਨ ਅਤੇ ਇਹ ਕਰਜ਼ਾ ਆਉਣ ਵਾਲੇ 6 ਮਹੀਨਿਆਂ ’ਚ 70 ਹਜ਼ਾਰ ਕਰੋੜ ਦੇ ਲਗਪਗ ਹੋ ਜਾਵੇਗਾ ਜਿਸ ਨਾਲ ਸੂਬੇ ਦੀ ਆਰਥਿਕ ਹਾਲਤ ਸ੍ਰੀਲੰਕਾ ਨਾਲੋਂ ਵੀ ਮਾੜੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਇੰਨਾ ਖ਼ਤਰਨਾਕ ਹੈ ਕਿ ਆਉਣ ਵਾਲੇ ਸਮੇਂ ’ਚ ਸੂਬਾ ਕੇਂਦਰ ਸਰਕਾਰ ਦਾ ਮੋਹਤਾਜ ਬਣ ਜਾਵੇਗਾ ਅਤੇ ਰਾਜ ਅੰਦਰ ਆਰਥਿਕ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਵਲ ਐਲਾਨ ਕਰਨ ਨਾਲ ਕੁਝ ਨਹੀਂ ਹੋਣਾ ਸਗੋਂ ਅਸਲ ’ਚ ਕੁਝ ਕਰ ਕੇ ਦਿਖਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਹੁਣ ਤੱਕ ਕੇਬਲ ਮਾਫੀਆ ਦਾ ਜਾਲ ਨਹੀਂ ਤੋੜ ਸਕੀ ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਣਾ ਸੀ।

error: Content is protected !!