ਭਾਰਤ ਉਤੇ ਕੈਨੇਡਾ ਵੱਲੋਂ ਲਾਏ ਦੋਸ਼ਾਂ ਵਿਚਾਲੇ ਅਮਰੀਕਾ ਦਾ ਵੱਡਾ ਬਿਆਨ, ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰੋ, ਨਿੱਝਰ ਮਾਮਲੇ ਵਿਚ ਜਾਂਚ ਅੱਗੇ ਵਧਾਈ ਜਾਵੇ

ਭਾਰਤ ਉਤੇ ਕੈਨੇਡਾ ਵੱਲੋਂ ਲਾਏ ਦੋਸ਼ਾਂ ਵਿਚਾਲੇ ਅਮਰੀਕਾ ਦਾ ਵੱਡਾ ਬਿਆਨ, ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰੋ, ਨਿੱਝਰ ਮਾਮਲੇ ਵਿਚ ਜਾਂਚ ਅੱਗੇ ਵਧਾਈ ਜਾਵੇ


ਵੀਓਪੀ ਬਿਊਰੋ, ਵਾਸ਼ਿੰਗਟਨ-ਭਾਰਤ ਤੇ ਕੈਨੇਡਾ ਦੇ ਵਿਵਾਦ ਵਿਚ ਅਮਰੀਕਾ ਦਾ ਇਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਕੈਨੇਡਾ ਨੇ ਦੋਸ਼ ਲਾਇਆ ਸੀ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਅਧਿਕਾਰੀਆਂ ਦਾ ਹੱਥ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।


ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਅਸੀਂ (ਕੈਨੇਡੀਅਨ) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਹੁਤ ਚਿੰਤਤ ਹਾਂ। ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਨਾਲ ਨਜ਼ਦੀਕੀ ਸੰਪਰਕ ਵਿੱਚ ਹਾਂ।” ਮਿਲਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ”ਮੇਰਾ ਮੰਨਣਾ ਹੈ ਕਿ ਕੈਨੇਡਾ ਦੀ ਜਾਂਚ ਨੂੰ ਅੱਗੇ ਵਧਾਉਣਾ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣਾ ਮਹੱਤਵਪੂਰਨ ਹੈ। ਅਸੀਂ ਜਨਤਕ ਅਤੇ ਨਿੱਜੀ ਤੌਰ ‘ਤੇ ਭਾਰਤ ਸਰਕਾਰ ਨੂੰ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।”


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ‘ਚ ਭਾਰਤ ਦੇ ਕਥਿਤ ਤੌਰ ‘ਤੇ ਸ਼ਾਮਲ ਹੋਣ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ਬੇਹੱਦ ਗੰਭੀਰ’ ਕਰਾਰ ਦਿੰਦਿਆਂ ਕਿਹਾ ਕਿ ਵਾਸ਼ਿੰਗਟਨ ਇਸ ਮਾਮਲੇ ਦੀ ਜਾਂਚ ਲਈ ਓਟਾਵਾ ਦੇ ਯਤਨਾਂ ਦਾ ਸਮਰਥਨ ਕਰਦਾ ਹੈ ਅਤੇ ਨਾਲ ਹੀ ਨਵੀਂ ਦਿੱਲੀ ਨੂੰ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਕਰਦਾ ਹੈ।

ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਰਣਨੀਤਕ ਸੰਚਾਰ ਕੋਆਰਡੀਨੇਟਰ ਜਾਨ ਕਿਰਬੀ ਨੇ ਕਿਹਾ ਸੀ ਕਿ,” ਯਕੀਨੀ ਤੌਰ ‘ਤੇ ਰਾਸ਼ਟਰਪਤੀ (ਜੋਅ ਬਾਈਡੇਨ) ਇਨ੍ਹਾਂ ਗੰਭੀਰ ਦੋਸ਼ਾਂ ਪ੍ਰਤੀ ਸੁਚੇਤ ਹਨ ਅਤੇ ਇਹ ਬਹੁਤ ਗੰਭੀਰ ਦੋਸ਼ ਹਨ। ਅਸੀਂ ਇਨ੍ਹਾਂ ਦੀ ਜਾਂਚ ਲਈ ਕੈਨੇਡਾ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ।” ਜਾਨ ਕਿਰਬੀ ਨੇ ਸੀ. ਐੱਨ. ਐੱਨ. ਨੂੰ ਦਿੱਤੀ ਗਈ ਵਿਸ਼ੇਸ਼ ਇੰਟਰਵਿਊ ਵਿਚ ਕਿਹਾ ਸੀ ਕਿ ਸਾਡਾ ਮੰਨਣਾ ਹੈ ਕਿ ਇਸ ਸਿਲਸਿਲੇ ‘ਚ ਪੂਰੀ ਤਰ੍ਹਾਂ ਪਾਰਦਰਸ਼ੀ ਵਿਆਪਕ ਜਾਂਚ ਸਹੀ ਨਜ਼ਰੀਆ ਹੈ ਤਾਂ ਜੋ ਅਸੀਂ ਸਾਰੇ ਜਾਣ ਸਕੀਏ ਕਿ ਅਸਲ ‘ਚ ਕੀ ਹੋਇਆ ਸੀ ਅਤੇ ਯਕੀਨੀ ਤੌਰ ‘ਤੇ ਅਸੀਂ ਭਾਰਤ ਨੂੰ ਇਸ ਵਿਚ ਸਹਿਯੋਗ ਦੇਣ ਲਈ ਉਤਸ਼ਾਹਿਤ ਕਰਦੇ ਹਾਂ।

error: Content is protected !!