ਘਰ ਵਿਚੋਂ ਆ ਰਹੀ ਸੀ ਬਦਬੂ, ਪੁਲਿਸ ਘਰ ਅੰਦਰ ਵੜੀ ਤਾਂ ਵਿਦੇਸ਼ੋਂ ਆਏ ਪਿਤਾ-ਧੀ ਦੀਆਂ ਮਿਲੀਆਂ ਲਾਸ਼ਾਂ

ਘਰ ਵਿਚੋਂ ਆ ਰਹੀ ਸੀ ਬਦਬੂ, ਪੁਲਿਸ ਅੰਦਰ ਵੜੀ ਤਾਂ ਵਿਦੇਸ਼ੋਂ ਆਏ ਪਿਤਾ-ਧੀ ਦੀਆਂ ਮਿਲੀਆਂ ਲਾਸ਼ਾਂ


ਵੀਓਪੀ ਬਿਊਰੋ, ਫਗਵਾੜਾ : ਅਰਬਨ ਅਸਟੇਟ ਵਿਖੇ ਭੇਤਭਰੇ ਹਾਲਾਤ ’ਚ ਇਕ ਘਰ ’ਚੋਂ ਪਿਓ-ਧੀ ਦੀਆਂ ਲਾਸ਼ਾਂ ਬਰਾਮਦ ਹੋਈਆਂ। ਫਗਵਾੜਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਪਿਓ ਅਮਰੀਕ ਚੈਂਬਰ (70) ਅਤੇ ਧੀ ਰਾਜ ਰਾਣੀ (45) ਵਜੋਂ ਹੋਈ ਹੈ।


ਜਾਣਕਾਰੀ ਅਨੁਸਾਰ ਪਿਓ-ਧੀ ਦੀ ਮੌਤ ਦਾ ਉਸ ਵੇਲੇ ਪਤਾ ਲੱਗਾ ਜਦੋਂ ਘਰ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਇਸ ਦੀ ਸੁਚਨਾ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਦੇ ਐੱਸਐੱਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕ ਚੈਂਬਰ ਜੋ ਕਿ ਵਿਦੇਸ਼ ਤੋਂ ਆਇਆ ਹੋਇਆ ਸੀ ਅਤੇ ਆਪਣੀ ਪਤਨੀ ਅਤੇ ਧੀ ਸਮੇਤ ਅਰਬਨ ਸਟੇਟ ਵਿਖੇ ਰਹਿ ਰਿਹਾ ਸੀ।

ਉਸ ਦੀ ਲੜਕੀ ਸ਼ਾਦੀਸ਼ੁਦਾ ਸੀ ਜੋ ਕਿ ਉਨ੍ਹਾਂ ਦੇ ਕੋਲ ਹੀ ਰਹਿ ਰਹੀ ਸੀ।ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਮੌਤ ਕੁਦਰਤੀ ਹੈ, ਕਿਉਂਕਿ ਦੇਖਣ ਤੋਂ ਲੜਕੀ ਦੀ ਮੌਤ 2 ਜਾਂ 3 ਦਿਨ ਪਹਿਲਾਂ ਹੋਈ ਲੱਗਦੀ ਹੈ ਅਤੇ ਪਿਓ ਦੀ ਮੌਤ 4 ਤੋਂ 5 ਦਿਨ ਪਹਿਲਾਂ ਹੋਈ ਲੱਗਦੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

error: Content is protected !!