ਪੁਲਿਸ ਦੇ ਸੀਆਈਏ ਸਟਾਫ ਦੇ ਏਐਸਆਈ ਨੇ ਹੀ ਤਸਕਰਾਂ ਕੋਲੋਂ ਲੁੱਟ ਲਿਆ ਲੱਖਾਂ ਦਾ ਸੋਨਾ, ਮਹਿਲਾ ਤੇ ਦੋਸਤਾਂ ਨਾਲ ਮਿਲ ਕੇ ਬਣਾਈ ਯੋਜਨਾ

ਪੁਲਿਸ ਦੇ ਸੀਆਈਏ ਸਟਾਫ ਦੇ ਏਐਸਆਈ ਨੇ ਹੀ ਤਸਕਰਾਂ ਕੋਲੋਂ ਲੁੱਟ ਲਿਆ ਲੱਖਾਂ ਦਾ ਸੋਨਾ, ਮਹਿਲਾ ਤੇ ਦੋਸਤਾਂ ਨਾਲ ਮਿਲ ਕੇ ਬਣਾਈ ਯੋਜਨਾ


ਵੀਓਪੀ ਬਿਊਰੋ, ਲੁਧਿਆਣਾ–ਖਾਕੀ ਵਰਦੀ ਮੁੜ ਦਾਗਦਾਰ ਹੋ ਗਈ। ਚੋਰੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਵਾਲੀ ਪੁਲਿਸ ਹੀ ਹੁਣ ਲੁੱਟਣ ਲੱਗੀ ਹੈ। ਮੰਗਲਵਾਰ ਨੂੰ ਲੁਧਿਆਣਾ ’ਚ ਹੀ ਤਾਇਨਾਤ ਇਕ ਪੁਲਿਸ ਕਾਂਸਟੇਬਲ ਨੂੰ ਨਸ਼ਾ ਸਮੱਗਲਰ ਦਾ ਸਾਥ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਹੁਣ ਪੁਲਿਸ ਨੇ ਗੁਰਦਾਸਪੁਰ ਦੇ ਸੀ. ਆਈ. ਏ. ਸਟਾਫ ’ਚ ਤਾਇਨਾਤ ਏ. ਐੱਸ. ਆਈ. ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਦੁਬਈ ਤੋਂ ਸੋਨੇ ਦੀ ਸਮੱਗਲਿੰਗ ਕਰਨ ਵਾਲਿਆਂ ਤੋਂ ਹੀ ਸੋਨਾ ਲੁੱਟ ਲੈ ਕੇ ਗਿਆ ਸੀ। ਉਸ ਨੇ ਇਹ ਵਾਰਦਾਤ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਪਰ ਸੋਨੇ ਦੀ ਸਮੱਗਲਿੰਗ ’ਚ ਪਹਿਲਾਂ ਫੜੇ ਗਏ 2 ਮੁਲਜ਼ਮਾਂ ਦੇ ਮਾਮਲੇ ’ਚ ਚੱਲ ਰਹੀ ਜਾਂਚ ਤੋਂ ਬਾਅਦ ਇਸ ਦਾ ਖ਼ੁਲਾਸਾ ਹੋ ਗਿਆ ਅਤੇ ਲੁਧਿਆਣਾ ਦੀ ਸੀ. ਆਈ. ਏ. ਦੀ ਟੀਮ ਨੇ ਮੁਲਜ਼ਮ ਏ. ਐੱਸ. ਆਈ. ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਫੜੇ ਗਏ ਮੁਲਜ਼ਮਾਂ ਵਿਚ ਸੀ. ਆਈ. ਏ. ਗੁਰਦਾਸਪੁਰ ਦੇ ਏ. ਐੱਸ. ਆਈ. ਕਮਲ ਕਿਸ਼ੋਰ, ਉਸ ਦੀ ਮਹਿਲਾ ਸਾਥੀ ਨੇਹਾ, ਹਰਜਿੰਦਰ ਸਿੰਘ ਉਰਫ ਬੱਬਾ, ਸਤਨਾਮ ਸਿੰਘ ਉਰਫ ਸੋਢੀ, ਹਰਪ੍ਰੀਤ ਸਿੰਘ ਬੱਬੂ ਸ਼ਾਮਲ ਹਨ, ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਇਸ ਤੋਂ ਪਹਿਲਾਂ ਆਜ਼ਾਦ ਕੁਮਾਰ ਅਤੇ ਆਸ਼ੂ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਸੋਨੇ ਦੀ 1 ਕਿਲੋ 230 ਗ੍ਰਾਮ ਪੇਸਟ ਬਰਾਮਦ ਕਰ ਚੁੱਕੀ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 49 ਲੱਖ ਰੁਪਏ ਦੀ ਕੀਮਤ ਦਾ 825 ਗ੍ਰਾਮ ਸੋਨੇ ਦਾ ਪੇਸਟ, ਪਹਿਲਾਂ ਵੇਚੇ ਗਏ ਸੋਨੇ ਦੇ ਲਗਪਗ 8 ਲੱਖ ਰੁਪਏ, ਇਕ ਸਕਾਰਪੀਓ ਕਾਰ, 2 ਮੋਬਾਈਲ ਅਤੇ ਇਕ ਯਾਤਰੀ ਦਾ ਪਾਸਪੋਰਟ ਜਿਸ ਤੋਂ ਸੋਨੇ ਦੀ ਪੇਸਟ ਲੁੱਟੀ ਸੀ, ਬਰਾਮਦ ਕੀਤਾ ਹੈ।


ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ’ਤੇ ਸੋਨੇ ਦੀ ਸਮੱਗਲਿੰਗ ਕਰਨ ਦਾ ਕਿੰਗਪਿੰਨ ਪੁਨੀਤ ਹੈ, ਜੋ ਕਿ ਇਸ ਸਮੇਂ ਵੀ ਦੁਬਈ ਵਿਚ ਹੀ ਹੈ। ਉਹ ਅੰਤਰਰਾਸ਼ਟਰੀ ਪੱਧਰ ’ਤੇ ਸੋਨੇ ਦੀ ਸਮੱਗਲਿੰਗ ਕਰਦਾ ਹੈ ਅਤੇ ਭੋਲੇ-ਭਾਲੇ ਯਾਤਰੀਆਂ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਅੰਮ੍ਰਿਤਸਰ ਜਾਂ ਫਿਰ ਮੁਹਾਲੀ ਏਅਰਪੋਰਟ ’ਤੇ ਉਸ ਦੇ ਸਾਥੀ ਨੂੰ ਸੋਨਾ ਦੇਣ ਦੀ ਗੱਲ ਕਰਦਾ ਸੀ। ਇਸ ਤੋਂ ਬਾਅਦ ਉਹ ਉਸ ਯਾਤਰੀ ਦੀ ਪੂਰੀ ਡਿਟੇਲ ਆਜ਼ਾਦ ਅਤੇ ਆਸ਼ੂ ਨੂੰ ਭੇਜ ਦਿੰਦਾ ਸੀ, ਜਿਸ ਤੋਂ ਬਾਅਦ ਮੁਲਜ਼ਮ ਆਜ਼ਾਦ ਅਤੇ ਆਸ਼ੂ ਪੈਸੇ ਦੇ ਕੇ ਪੇਸਟ ਲੈ ਲੈਂਦੇ ਸਨ ਅਤੇ ਮਹਿੰਗੇ ਭਾਅ ’ਚ ਅੱਗੇ ਪੇਸਟ ਵੇਚ ਦਿੰਦੇ ਸਨ। ਆਜ਼ਾਦ ਅਤੇ ਆਸ਼ੂ ਨੂੰ ਪੁਲਿਸ ਨੇ ਫੜ ਲਿਆ ਸੀ।ਮਾਮਲੇ ਦੀ ਗੰਭੀਰਤਾ ਨਾਲ ਜਾਂਚ ’ਚ ਸਾਹਮਣੇ ਆਇਆ ਕਿ ਫੜੇ ਗਏ ਸਾਰੇ ਮੁਲਜ਼ਮ ਵੀ ਇਸ ਪੂਰੇ ਮਾਮਲੇ ’ਚ ਸ਼ਾਮਲ ਹਨ। ਮੁਲਜ਼ਮਾਂ ਨੇ ਪੂਰੀ ਪਲਾਨਿੰਗ ਬਣਾਈ ਅਤੇ ਨੇਹਾ ਨੂੰ ਯਾਤਰੀ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੇ ਏ. ਐੱਸ. ਆਈ. ਕਮਲ ਕਿਸ਼ੋਰ ਨਾਲ ਮਿਲਾਇਆ ਅਤੇ ਸੋਨੇ ਦੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ। ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!