ਜਲੰਧਰ ਤੇ ਫਗਵਾੜਾ ਦੇ ਦੋ ਮੁੰਡੇ 300 ਕਰੋੜ ਦੀ ਕੋਕੀਨ ਨਾਲ ਜੰਮੂ ਕਸ਼ਮੀਰ ਵਿਚ ਗ੍ਰਿਫ਼ਤਾਰ

ਜਲੰਧਰ ਤੇ ਫਗਵਾੜਾ ਦੇ ਦੋ ਮੁੰਡੇ 300 ਕਰੋੜ ਦੀ ਕੋਕੀਨ ਨਾਲ ਜੰਮੂ ਕਸ਼ਮੀਰ ਵਿਚ ਗ੍ਰਿਫ਼ਤਾਰ


ਵੀਓਪੀ ਬਿਊਰੋ, ਬਨਿਹਾਲ-ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਪੁਲਿਸ ਨੇ ਇਕ ਵਾਹਨ ‘ਚੋਂ 30 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ।ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਬਰਾਮਦ ਕੀਤੀ ਗਈ ਕੋਕੀਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 300 ਕਰੋੜ ਰੁਪਏ ਹੈ।


ਅਧਿਕਾਰੀਆਂ ਮੁਤਾਬਕ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨਾਲ ਲਗਦੇ ਬਨੀਹਾਲ ਇਲਾਕੇ ‘ਚੋਂ ਕੋਕੀਨ ਦੀ ਬਰਾਮਦਗੀ ਤੋਂ ਬਾਅਦ ਪੰਜਾਬ ਦੇ ਦੋ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ ਖੇਤਰ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਕਰੀਬ ਸਾਢੇ 10 ਵਜੇ ਸੀਨੀਅਰ ਪੁਲਿਸ ਅਧਿਕਾਰੀ ਮੋਹਿਤ ਸ਼ਰਮਾ ਦੀ ਅਗਵਾਈ ‘ਚ ਰਾਮਬਨ ਪੁਲਿਸ ਨੇ ਕਸ਼ਮੀਰ ਤੋਂ ਜੰਮੂ ਆ ਰਹੇ ਵਾਹਨ ਨੂੰ ਬਨੀਹਾਲ ਰੇਲਵੇ ਚੌਕ ਨੇੜੇ ਰੋਕਿਆ, ਜਿਸ ਵਿਚੋਂ 30 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਕੀਨ ਨੂੰ ਸਫਲਤਾਪੂਰਵਕ ਜ਼ਬਤ ਕੀਤੇ ਜਾਣ ਨਾਲ ਇਕ ਵੱਡੇ ਨਸ਼ੀਲੇ ਪਦਾਰਥ ਦੀ ਤਸਕਰੀ ਨਾਲ ਸਬੰਧਤ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਬਨਿਹਾਲ ਥਾਣਾ ਇੰਚਾਰਜ ਮੁਹੰਮਦ ਅਫਜ਼ਲ ਵਾਨੀ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਜਲੰਧਰ, ਪੰਜਾਬ ਅਤੇ ਫਗਵਾੜਾ ਦੇ ਹਨੀ ਬਸਰਾ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਤਿੰਨ ਕਿਲੋਗ੍ਰਾਮ ਕੋਕੀਨ ਗੱਡੀ ਦੀ ਛੱਤ ’ਤੇ ਛੁਪਾ ਕੇ ਰੱਖੀ ਗਈ ਸੀ, ਜਦੋਂ ਕਿ 27 ਕਿਲੋਗ੍ਰਾਮ ਨਸ਼ੀਲਾ ਪਦਾਰਥ ਉਨ੍ਹਾਂ ਦੇ ਸਾਮਾਨ ’ਚੋਂ ਬਰਾਮਦ ਹੋਇਆ। ਵਾਨੀ ਨੇ ਦੱਸਿਆ ਕਿ ਜਦੋਂ ਤਸਕਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਜੰਮੂ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!